ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਵਾਲੀ ਸੰਗਤ ਲਈ ਗਰਮੀ ਤੋਂ ਬਚਾਅ ਦੇ ਵਿਸ਼ੇਸ਼ ਪ੍ਰਬੰਧ

In ਪੰਜਾਬ
April 23, 2026

ਅੰਮ੍ਰਿਤਸਰ/ਏ.ਟੀ.ਨਿਊਜ਼: ਪਿਛਲੇ ਦਿਨੀ ਗੜ੍ਹੇਮਾਰੀ ਅਤੇ ਮੀਹ ਤੋਂ ਬਾਅਦ ਕੜਾਕੇ ਦੀਆਂ ਧੁੱਪਾਂ ਨੇ ਲੋਕਾਂ ਨੂੰ ਇੱਕ ਵਾਰ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਜਿੱਥੇ ਗਰਮੀ ਅਤੇ ਤੇਜ਼ ਧੁੱਪਾਂ ਨੇ ਕਣਕ ਦੀ ਫਸਲ ਨੂੰ ਸੁਨਹਿਰੀ ਕੀਤਾ ਹੈ, ਉਥੇ ਹੀ ਆਮ ਜਨ ਜੀਵਨ ਵਿੱਚ ਲੋਕਾਂ ਨੂੰ ਦਿਨ ਵੇਲੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ। ਵੱਧਦੀ ਗਰਮੀ ਨੂੰ ਦੇਖ ਕੇ ਹਰ ਕੋਈ ਆਪੋ ਆਪਣੇ ਪ੍ਰਬੰਧ ਕਰਨ ਵਿੱਚ ਲੱਗਾ ਹੈ।
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਆਉਣ ਵਾਲੇ ਯਾਤਰੂਆਂ ਦੀ ਆਮਦ ਗਰਮੀ ਦੇ ਮੌਸਮ ਕਾਰਨ ਘਟੀ ਹੈ। ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਰਮੀ ਨੂੰ ਦੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗਰਮੀ ਨੂੰ ਦੇਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਜਿੱਥੇ ਪਹਿਲਾਂ ਤੋਂ ਹੀ ਚਾਰੇ ਕੋਨਿਆਂ ਵਿੱਚ ਠੰਡੇ ਜਲ ਦੀਆਂ ਛਬੀਲਾਂ ਚਲਦੀਆਂ ਹਨ, ਉਥੇ ਹੀ ਸੰਗਤ ਦੀ ਸਹੂਲਤ ਨੂੰ ਦੇਖਦਿਆਂ ਪਰਿਕਰਮਾ ਵਿੱਚ ਜੂਟ ਮੈਟ ਵਿਛਾਏ ਗਏ ਹਨ, ਇਨ੍ਹਾਂ ਜੂਟ ਮੈਟਾਂ ’ਤੇ ਸੇਵਾਦਾਰਾਂ ਵੱਲੋਂ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਤਾਂ ਜੋ ਸੰਗਤ ਨੂੰ ਚੱਲਣ ਲੱਗਿਆਂ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ ।
ਇਸ ਤੋਂ ਇਲਾਵਾ ਦਰਸ਼ਨ ਕਰਨ ਸਮੇਂ ਕਤਾਰਾਂ ਦੇ ਉੱਪਰ ਸ਼ਮਿਆਨੇ ਲਗਾਏ ਗਏ ਹਨ, ਉਸ ਦੇ ਨਾਲ ਹੀ ਲੋੜ ਅਨੁਸਾਰ ਪੱਖੇ ਅਤੇ ਕੂਲਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਸੰਗਤ ਲਈ ਹਮੇਸ਼ਾ ਹੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ।

Loading