ਭਾਰਤੀ ਸੰਗੀਤ ਜਗਤ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਲੰਬੇ ਸਮੇਂ ਤੱਕ ਗਲੋਬਲ ਪੱਧਰ ’ਤੇ ਰਾਜ ਕਰਨ ਵਾਲੇ ਪੰਜਾਬੀ ਸੰਗੀਤ ਤੋਂ ਬਾਅਦ ਹੁਣ ਹਰਿਆਣਵੀ ਗੀਤ ਤੇਜ਼ੀ ਨਾਲ ਨਵੇਂ ਮਿਆਰ ਸਿਰਜ ਰਹੇ ਹਨ। ਚਾਹੇ ਉਹ ਸਪੋਟੀਫਾਈ ਦੀਆਂ ਚਾਰਟ ਲਿਸਟਾਂ ਹੋਣ ਜਾਂ ਬਿੱਲਬੋਰਡ, ਹਰਿਆਣਵੀ ਕਲਾਕਾਰ ਹੁਣ ਕੌਮਾਂਤਰੀ ਪੱਧਰ ’ਤੇ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਹਰਿਆਣਵੀ ਬੋਲੀ ਆਪਣੀ ਖੜ੍ਹੀ ਬੋਲੀ ਅਤੇ ਸਪੱਸ਼ਟ ਗੱਲ ਕਹਿਣ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਜਿੱਥੇ ਪੰਜਾਬੀ ਗੀਤਾਂ ਵਿੱਚ ਅੱਜ-ਕੱਲ੍ਹ ਬਹੁਤ ਜ਼ਿਆਦਾ ਗਲੈਮਰ ਅਤੇ ਵਿਦੇਸ਼ੀ ਲੋਕੇਸ਼ਨਾਂ ਦਾ ਪ੍ਰਭਾਵ ਹੈ, ਉੱਥੇ ਹਰਿਆਣਵੀ ਗੀਤ ਅਜੇ ਵੀ ਪੇਂਡੂ ਸੱਭਿਆਚਾਰ, ਖੇਤਾਂ ਅਤੇ ਸਿੱਧੀ ਦੇਸੀ ਗੱਲਬਾਤ ਨਾਲ ਜੁੜੇ ਹੋਏ ਹਨ। ਇਹ ਚੀਜ਼ ਸੁਣਨ ਵਾਲੇ ਨੂੰ ਆਪਣੀ ਮਿੱਟੀ ਦੇ ਨੇੜੇ ਮਹਿਸੂਸ ਕਰਵਾਉਂਦੀ ਹੈ। ਹਰਿਆਣਵੀ ਕਲਾਕਾਰਾਂ ਨੇ ਪੰਜਾਬੀ ਸੰਗੀਤ ਦੀਆਂ ਤਰਜ਼ਾਂ ’ਤੇ ਚੱਲਣ ਦੀ ਬਜਾਏ ਹੁਣ ਆਪਣਾ ਵੱਖਰਾ ਹਰਿਆਣਵੀ ਡਰਿੱਲ ਅਤੇ ਹਿਪ-ਹੌਪ ਤਿਆਰ ਕਰ ਲਿਆ ਹੈ। ਢਾਂਡਾ ਨਿਓਲੀਵਾਲਾ ਵਰਗੇ ਗਾਇਕਾਂ ਨੇ ਹਰਿਆਣਵੀ ਲਹਿਜੇ ਨੂੰ ਪੱਛਮੀ ਬੀਟਸ ਦੇ ਨਾਲ ਬਹੁਤ ਖ਼ੂਬਸੂਰਤੀ ਨਾਲ ਜੋੜਿਆ ਹੈ, ਜੋ ਕਿ ਨੌਜਵਾਨਾਂ ਵਿੱਚ ਬਹੁਤ ਮਕਬੂਲ ਹੋ ਰਿਹਾ ਹੈ।
ਹਰਿਆਣਵੀ ਗੀਤਾਂ ਵਿੱਚ ਆਪਣੀ ਜਾਤ, ਆਪਣੇ ਪਿੰਡ ਅਤੇ ਆਪਣੇ ਰਹਿਣ-ਸਹਿਣ (ਜਿਵੇਂ ਕਿ ਦਾਮਨ, ਹੁੱਕਾ ਅਤੇ ਖੇਤੀ-ਬਾੜੀ) ਨੂੰ ਬਹੁਤ ਮਾਣ ਨਾਲ ਪੇਸ਼ ਕੀਤਾ ਜਾਂਦਾ ਹੈ। ਇਹ ਕਾਸਟ ਪ੍ਰਾਈਡ ਅਤੇ ਰਿਜਨਲ ਪ੍ਰਾਈਡ ਹਰਿਆਣਾ ਦੇ ਨੌਜਵਾਨਾਂ ਨੂੰ ਆਪਣੇ ਸੰਗੀਤ ਨਾਲ ਬਹੁਤ ਮਜ਼ਬੂਤੀ ਨਾਲ ਜੋੜਦੀ ਹੈ।
ਪੰਜਾਬੀ ਇੰਡਸਟਰੀ ਵਿੱਚ ਪਿਛਲੇ ਕੁਝ ਸਮੇਂ ਤੋਂ ‘ਮੇਲ ਡੋਮੀਨੈਂਟ’ (ਪੁਰਸ਼ ਪ੍ਰਧਾਨ) ਗੀਤਾਂ ਦਾ ਬੋਲਬਾਲਾ ਰਿਹਾ ਹੈ। ਪਰ ਹਰਿਆਣਵੀ ਇੰਡਸਟਰੀ ਵਿੱਚ ਰੇਣੁਕਾ ਪੰਵਾਰ ਅਤੇ ਸਪਨਾ ਚੌਧਰੀ ਵਰਗੀਆਂ ਕਲਾਕਾਰਾਂ ਨੇ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ (ਜਿਵੇਂ 52 ਗਜ ਕਾ ਦਾਮਨ) ਰਾਹੀਂ ਅਰਬਾਂ ਦੀ ਗਿਣਤੀ ਵਿੱਚ ਵਿਊਜ਼ ਹਾਸਲ ਕੀਤੇ ਹਨ, ਜੋ ਕਿ ਹਰਿਆਣਵੀ ਸੰਗੀਤ ਨੂੰ ਹਰ ਘਰ ਤੱਕ ਲੈ ਗਏ ਹਨ।
ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਬੈਰਨ ਜੋ ਸੁਮਿਤ ਅਤੇ ਅਨੁਜ (ਬੰਜਾਰੇ) ਦੁਆਰਾ ਗਾਇਆ ਗਿਆ ਹੈ, ਬਿੱਲਬੋਰਡ ਉੱਤੇ ਪਹਿਲੇ ਨੰਬਰ ’ਤੇ ਪਹੁੰਚ ਕੇ ਸਭ ਨੂੰ ਹੈਰਾਨ ਕਰ ਚੁੱਕਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਹ ਪ੍ਰਚਲਿਤ ਗੰਨ ਕਲਚਰ ਤੋਂ ਹਟ ਕੇ ਪਿਆਰ ਅਤੇ ਵਿਛੋੜੇ ਦੇ ਵਿਸ਼ੇ ’ਤੇ ਆਧਾਰਿਤ ਹੈ।
ਇਸ ਤੋਂ ਇਲਾਵਾ, ਰੇਣੁਕਾ ਪੰਵਾਰ ਦੇ ਗੀਤ ‘52 ਗਜ ਕਾ ਦਾਮਨ’ ਨੇ ਯੂਟਿਊਬ ’ਤੇ 1.7 ਬਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰਕੇ ਇੱਕ ਅਜਿਹਾ ਮੀਲ ਪੱਥਰ ਸਥਾਪਿਤ ਕੀਤਾ ਹੈ, ਜਿਸ ਤੱਕ ਪਹੁੰਚਣਾ ਵੱਡੇ-ਵੱਡੇ ਬਾਲੀਵੁੱਡ ਸਿਤਾਰਿਆਂ ਲਈ ਵੀ ਸੁਪਨਾ ਹੈ।
ਪੰਜਾਬੀ ਇੰਡਸਟਰੀ ਨਾਲ ਸਮਾਨਤਾਵਾਂ ਅਤੇ ਪ੍ਰਭਾਵ
ਹਰਿਆਣਵੀ ਸੰਗੀਤ ਦੇ ਉਭਾਰ ਦੇ ਪਿੱਛੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਜਾਣਕਾਰਾਂ ਅਨੁਸਾਰ ਪਹਿਲਾਂ ਸਿਰਫ਼ ਰੋਹਤਕ ਤੱਕ ਸੀਮਿਤ ਰਹਿਣ ਵਾਲੇ ਸਟੂਡੀਓ ਹੁਣ ਹਰਿਆਣਾ ਦੇ ਪਿੰਡ-ਪਿੰਡ ਵਿੱਚ ਖੁੱਲ੍ਹ ਗਏ ਹਨ। ਪੰਜਾਬੀ ਗੀਤਾਂ ਵਾਂਗ ਹੁਣ ਹਰਿਆਣਵੀ ਗੀਤਾਂ ਵਿੱਚ ਵੀ ਜਾਤ ਦਾ ਮਾਣ, ਮਹਿੰਗੀਆਂ ਗੱਡੀਆਂ ਅਤੇ ਹਥਿਆਰਾਂ ਦਾ ਜ਼ਿਕਰ ਆਮ ਹੋ ਗਿਆ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਯੂਕੇ ਵਿੱਚ ਬੈਠੇ ਹਰਿਆਣਵੀ ਲੋਕਾਂ ਨੇ ਇਸ ਸੰਗੀਤ ਨੂੰ ਗਲੋਬਲ ਹੁਲਾਰਾ ਦਿੱਤਾ ਹੈ।
ਕੀ ਪੰਜਾਬੀ ਇੰਡਸਟਰੀ ਨੂੰ ਪਿੱਛੇ ਛੱਡ ਦੇਵੇਗਾ ਹਰਿਆਣਾ?
ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗੀਤ ਆਪਣੇ ਸਿਖ਼ਰ ਦੇ ਨੇੜੇ ਪਹੁੰਚ ਚੁੱਕਾ ਹੈ, ਜਦਕਿ ਹਰਿਆਣਵੀ ਇੰਡਸਟਰੀ ਅਜੇ ਆਪਣੇ ਵਿਸਥਾਰ ਦੇ ਦੌਰ ਵਿੱਚ ਹੈ। ਇਹੀ ਕਾਰਨ ਹੈ ਕਿ ਹੁਣ ਕਾਕਾ ਵਰਗੇ ਵੱਡੇ ਪੰਜਾਬੀ ਗਾਇਕ ਵੀ ਹਰਿਆਣਵੀ ਕਲਾਕਾਰਾਂ (ਜੈਰੀ) ਨਾਲ ਕੋਲੈਬੋਰੇਸ਼ਨ ਕਰ ਰਹੇ ਹਨ ਤਾਂ ਜੋ ਨਵੇਂ ਸਰੋਤਿਆਂ ਤੱਕ ਪਹੁੰਚ ਬਣਾਈ ਜਾ ਸਕੇ।
ਹਰਿਆਣਾ ਦੀ ਗਾਇਕੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਪੰਡਿਤ ਲਖਮੀ ਚੰਦ ਦੀਆਂ ਰਾਗਿਨੀਆਂ ਤੋਂ ਲੈ ਕੇ ਔਰਤਾਂ ਦੁਆਰਾ ਗਾਏ ਜਾਣ ਵਾਲੇ ਜਕੜੀ ਅਤੇ ਜੱਚਾ ਗੀਤਾਂ ਤੱਕ, ਇਹ ਸਫ਼ਰ ਹੁਣ ਆਧੁਨਿਕ ਬੀਟਸ ਅਤੇ ਹਾਈ-ਟੈਕ ਵੀਡੀਓਜ਼ ਤੱਕ ਪਹੁੰਚ ਗਿਆ ਹੈ।
ਹਾਲਾਂਕਿ ਗੰਨ ਕਲਚਰ ਕਾਰਨ ਹਰਿਆਣਾ ਪੁਲਿਸ ਨੇ ਕਈ ਗੀਤਾਂ ’ਤੇ ਕਾਰਵਾਈ ਵੀ ਕੀਤੀ ਹੈ, ਪਰ ਫਿਰ ਵੀ ਹਰਿਆਣਵੀ ਸੰਗੀਤ ਦੀ ਮਕਬੂਲੀਅਤ ਵਿੱਚ ਕੋਈ ਕਮੀ ਨਹੀਂ ਆ ਰਹੀ। ਅੱਜ ਹਰਿਆਣਵੀ ਸੰਗੀਤ ਸਿਰਫ਼ ਖੇਤਰੀ ਮਨੋਰੰਜਨ ਨਹੀਂ, ਸਗੋਂ ਇੱਕ ਵੱਡਾ ਵਪਾਰਕ ਬਾਜ਼ਾਰ ਬਣ ਚੁੱਕਾ ਹੈ।
ਵਿਸ਼ਵ ਪੱਧਰ ’ਤੇ ਮਕਬੂਲੀਅਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਗਾਇਕੀ ਅਜੇ ਵੀ ਹਰਿਆਣਵੀ ਗਾਇਕੀ ਨਾਲੋਂ ਕਾਫੀ ਅੱਗੇ ਹੈ। ਹਾਲਾਂਕਿ ਹਰਿਆਣਵੀ ਸੰਗੀਤ ਤੇਜ਼ੀ ਨਾਲ ਉੱਭਰ ਰਿਹਾ ਹੈ, ਪਰ ਦੋਵਾਂ ਦੀ ਗਲੋਬਲ ਪਹੁੰਚ ਵਿੱਚ ਵੱਡਾ ਅੰਤਰ ਹੈ। ਪੰਜਾਬੀ ਭਾਈਚਾਰਾ ਦਹਾਕਿਆਂ ਤੋਂ ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵਸਿਆ ਹੋਇਆ ਹੈ। ਇਸ ਕਾਰਨ ਪੰਜਾਬੀ ਸੰਗੀਤ ਦੀ ਮਾਰਕੀਟ ਪਹਿਲਾਂ ਹੀ ਗਲੋਬਲ ਹੋ ਚੁੱਕੀ ਹੈ। ਸਿੱਧੂ ਮੂਸੇਵਾਲਾ, ਦਿਲਜੀਤ ਦੋਸਾਂਝ, ਏਪੀ ਢਿੱਲੋਂ ਅਤੇ ਕਰਨ ਔਜਲਾ ਵਰਗੇ ਕਲਾਕਾਰ ਬਿੱਲਬੋਰਡ ਅਤੇ ਕੋਚੇਲਾ ਵਰਗੇ ਵੱਡੇ ਅੰਤਰਰਾਸ਼ਟਰੀ ਮੰਚਾਂ ’ਤੇ ਪੰਜਾਬੀ ਸੰਗੀਤ ਨੂੰ ਪਹੁੰਚਾ ਚੁਕੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਪਿਛਲੇ 30-40 ਸਾਲਾਂ ਤੋਂ ਵਪਾਰਕ ਤੌਰ ’ਤੇ ਬਹੁਤ ਮਜ਼ਬੂਤ ਹੈ। ਇਸ ਦੀਆਂ ਵੀਡੀਓਜ਼ ਦੀ ਗੁਣਵੱਤਾ ਅਤੇ ਸੰਗੀਤਕ ਪ੍ਰਯੋਗ ਦੁਨੀਆ ਭਰ ਦੇ ਲੋਕਾਂ ਨੂੰ ਖਿੱਚਦੇ ਹਨ। ਹਰਿਆਣਵੀ ਸੰਗੀਤ ਅਜੇ ਵੀ ਮੁੱਖ ਤੌਰ ’ਤੇ ਉੱਤਰੀ ਭਾਰਤ (ਹਰਿਆਣਾ, ਪੱਛਮੀ ਯੂਪੀ, ਦਿੱਲੀ, ਰਾਜਸਥਾਨ) ਤੱਕ ਵਧੇਰੇ ਸੀਮਤ ਹੈ। ਹਾਲਾਂਕਿ ਇਹ ਹੁਣ ਵਿਦੇਸ਼ਾਂ ਵਿੱਚ ਸੁਣਿਆ ਜਾਣਾ ਸ਼ੁਰੂ ਹੋਇਆ ਹੈ, ਪਰ ਪੰਜਾਬੀ ਗਾਇਕੀ ਜਿੰਨੀ ਵਿਆਪਕ ਪਛਾਣ ਬਣਾਉਣ ਵਿੱਚ ਅਜੇ ਸਮਾਂ ਲੱਗੇਗਾ। ਵਿਸ਼ਵ ਪੱਧਰ ’ਤੇ ਅਜੇ ਪੰਜਾਬੀ ਸੰਗੀਤ ਦਾ ਕੋਈ ਸਾਨੀ ਨਹੀਂ ਹੈ।
![]()
