ਡਾ. ਸੁਖਦਰਸ਼ਨ ਸਿੰਘ
ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਵੱਡੀ ਗਿਣਤੀ ’ਚ ਬਣ ਰਹੀਆਂ ਹਨ, ਪਰ ਪਿਛਲੇ ਦੋ ਕੁ ਸਾਲਾਂ ਤੋਂ ਪੰਜਾਬੀ ਸਿਨੇਮਾ ਫਿਲਮਾਂ ਦੀ ਗਿਣਤੀ ਪੱਖੋਂ ਤਾਂ ਉਚਾਣ ਵੱਲ ਜਾ ਰਿਹਾ ਹੈ, ਪਰ ਸਫਲਤਾ ਪੱਖੋਂ ਨਿਵਾਣ ਵੱਲ ਰੁੜ੍ਹ ਰਿਹਾ ਸੀ। ਸਫਲਤਾ ਦੇ ਸੋਕੇ ਵਾਲੇ ਇਸ ਦੌਰ ਵਿੱਚ ਪਿਛਲੇ ਹਫ਼ਤੇ ਰਿਲੀਜ਼ ਹੋਈ ਫਿਲਮ ‘ਰੱਬ ਦਾ ਰੇਡੀਓ-3’ ਇੱਕ ਠੰਢੀ ਹਵਾ ਦੇ ਬੁੱਲੇ ਵਾਂਗ ਆਈ ਹੈ। ਇਸ ਨੇ ਪੰਜਾਬੀ ਫਿਲਮਾਂ ਤੋਂ ਉਚਾਟ ਹੋ ਚੁੱਕੇ ਦਰਸ਼ਕਾਂ ਨੂੰ ਮੁੜ ਸਿਨੇਮਿਆਂ ਵੱਲ ਲਿਆਉਣ ਲਈ ਵੱਡਾ ਹੰਭਲਾ ਮਾਰਿਆ ਹੈ। ਇਸ ਹੰਭਲੇ ਪਿੱਛੇ ਫਿਲਮ ਦਾ ਹਰ ਪੱਖੋਂ ਮਿਆਰੀ ਅਤੇ ਪੰਜਾਬੀਅਤ ਦੀ ਸਾਫ਼-ਸੁਥਰੀ ਤਸਵੀਰ ਪੇਸ਼ ਕਰਨਾ ਹੈ।
ਇਸ ਫਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੇ ਵਿਸ਼ਾ ਪੱਖ ਤੋਂ ਹੈ। ਇਸ ਫਿਲਮ ਰਾਹੀਂ ਪੰਜਾਬ ਵਿੱਚ ਫੋਕੀ ਚੌਧਰ ਕਾਰਨ ਖ਼ਤਮ ਹੋ ਰਹੇ ਭਾਈਚਾਰੇ ਅਤੇ ਜ਼ਮੀਨਾਂ-ਜਾਇਦਾਦਾਂ ਨੂੰ ਲੈ ਕੇ ਟੁੱਟ ਰਹੇ ਪਰਿਵਾਰਾਂ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕੀਤੀ ਹੈ। ਇਸ ਤਰ੍ਹਾਂ ਦੇ ਵਿਸ਼ੇ ਨੂੰ ਹੱਥ ਪਾਉਣ ਦੀ ਅਜੇ ਤੱਕ ਹੋਰਨਾਂ ਪੰਜਾਬੀ ਫਿਲਮਸਾਜ਼ਾਂ ਨੇ ਜਹਿਮਤ ਹੀ ਨਹੀਂ ਕੀਤੀ। ਸਗੋਂ ਜ਼ਿਆਦਾਤਰ ਪੰਜਾਬੀ ਫਿਲਮਸਾਜ਼ ਕਾਮੇਡੀ ਦੇ ਨਾਮ ’ਤੇ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦਾ ਮਜ਼ਾਕ ਉਡਾਉਣ ’ਤੇ ਤੁਲੇ ਹੋਏ ਹਨ। ‘ਰੱਬ ਦਾ ਰੇਡੀਓ-3’ ਦੇ ਨਿਰਦੇਸ਼ਕ ਹੈਰੀ ਭੱਟੀ ਅਤੇ ਨਾਇਕ ਤਰਸੇਮ ਜੱਸੜ ਦੀ ਟੀਮ ਨੇ ਆਪਣੀ ਇਸ ਫਿਲਮ ਰਾਹੀਂ ਵੀ ਆਪਣੇ ਮਿਆਰ ਨੂੰ ਕਾਇਮ ਰੱਖਿਆ ਹੈ। ਫਿਲਮ ਰਾਹੀਂ ਪੰਜਾਬ ’ਚ ਵਿਛ ਰਹੇ ਸੜਕਾਂ ਦੇ ਜਾਲ ਕਾਰਨ ਉਤਪੰਨ ਹੋ ਰਹੀਆਂ ਸਮਾਜਿਕ ਤੇ ਪਰਿਵਾਰਕ ਪ੍ਰਸਥਿਤੀਆਂ ਦੀ ਬੜੀ ਸੋਹਣੀ ਤਸਵੀਰ ਖਿੱਚੀ ਹੈ ਅਤੇ ਪੰਜਾਬੀਆਂ ਨੂੰ ਸੁਚੇਤ ਕੀਤਾ ਹੈ ਕਿ ਭਾਈਚਾਰੇ ਅਤੇ ਪਰਿਵਾਰਾਂ ਦੀ ਥਾਂ ਜ਼ਮੀਨਾਂ-ਜਾਇਦਾਦਾਂ ਨਹੀਂ ਲੈ ਸਕਦੀਆਂ। ਹੋਰਨਾਂ ਪੰਜਾਬੀ ਫਿਲਮਸਾਜ਼ਾਂ ਨੂੰ ਇਸ ਫਿਲਮ ਦੇ ਵਿਸ਼ੇ ਅਤੇ ਕਹਾਣੀ ਤੋਂ ਪ੍ਰੇਰਨਾ ਲੈ ਕੇ ਅਜਿਹੀਆਂ ਮਿਆਰੀ ਫਿਲਮਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਫਿਲਮ ਦਾ ਦੂਸਰਾ ਅਹਿਮ ਪੱਖ ਹੈ ਫਿਲਮ ਦੀ ਕਹਾਣੀ ਤੇ ਨਿਰਦੇਸ਼ਨ। ਜਸ ਗਰੇਵਾਲ ਦੁਆਰਾ ਲਿਖੀ ਇਸ ਖ਼ੂਬਸੂਰਤ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਹੈਰੀ ਭੱਟੀ ਨੇ ਬਾਖ਼ੂਬੀ ਨਿਭਾਈ ਹੈ। ਫਿਲਮ ਵਿੱਚ ਇੱਕ ਵੀ ਫਾਲਤੂ ਦ੍ਰਿਸ਼ ਨਹੀਂ ਅਤੇ ਨਾ ਹੀ ਫਿਲਮ ਕਿਧਰੇ ਵੀ ਨਿਵਾਣ ਵੱਲ ਜਾਂਦੀ ਹੈ ਭਾਵ ਅਕਾਊ ਹੁੰਦੀ ਹੈ। ਫਿਲਮ ਜਿਸ ਪੱਧਰ ਤੋਂ ਸ਼ੁਰੂ ਹੁੰਦੀ ਹੈ, ਉਸ ਨੂੰ ਅਖ਼ੀਰ ਤੱਕ ਬਰਕਰਾਰ ਰੱਖਦੀ ਹੈ। ਫਿਲਮ ਦੀਆਂ ਲੋਕੇਸ਼ਨਾਂ, ਪੁਸ਼ਾਕਾਂ, ਫਿਲਮ ਦੀ ਕਹਾਣੀ ਦੇ ਪੂਰੀ ਤਰ੍ਹਾਂ ਅਨੂਕੂਲ ਹਨ। ਤਰਸੇਮ ਜੱਸੜ ਜਿਸ ਤਰ੍ਹਾਂ ਦਾ ਟਰੈਂਡ ਸਿਰਜਕ ਗਾਇਕ /ਸ਼ਖ਼ਸ ਹੈ, ਉਸ ਦਾ ਪ੍ਰਭਾਵ ਫਿਲਮ ’ਚ ਪੂਰੀ ਤਰ੍ਹਾਂ ਝਲਕਦਾ ਹੈ। ਇਸ ਤੋਂ ਇਲਾਵਾ ਕਿਰਦਾਰਾਂ ਅਨੁਸਾਰ ਭਾਸ਼ਾ ਵਰਤੀ ਗਈ ਹੈ ਅਤੇ ਅਸੱਭਿਅਕ ਭਾਸ਼ਾ ਬੋਲਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ।
ਫਿਲਮ ’ਚ ਪੰਜਾਬੀਆਂ ਦੇ ਅਣਖੀ ਅਤੇ ਨਿਮਰ ਸੁਭਾਅ ਦੀ ਪੂਰੀ ਝਲਕ ਮਿਲਦੀ ਹੈ। ਇਸ ਦੇ ਨਾਲ ਹੀ ਪੰਜਾਬੀ ਰਸਮਾਂ-ਰਵਾਇਤਾਂ ਨੂੰ ਬਹੁਤ ਸੂਖ਼ਮ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਨੇ ਹਰ ਕਿਰਦਾਰ ਨੂੰ ਪੂਰੀ ਤਰ੍ਹਾਂ ਸਥਾਪਤ ਕੀਤਾ ਹੈ ਅਤੇ ਹਰ ਇੱਕ ਸਹਿ ਅਦਾਕਾਰ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਫਿਲਮ ਦੇ ਨਾਇਕ ਤਰਸੇਮ ਜੱਸੜ, ਨਾਇਕਾ ਨਿਮਰਤ ਖਹਿਰਾ, ਸਹਿ ਨਾਇਕ ਨਵਦੀਪ ਕਲੇਰ ਅਤੇ ਰੌਣਕ ਜੋਸ਼ੀ ਤੋਂ ਇਲਾਵਾ ਸਾਰੇ ਸਹਿਯੋਗੀ ਕਲਾਕਾਰਾਂ ਨੇ ਵੀ ਆਪਣੇ ਕਿਰਦਾਰਾਂ ਨਾਲ ਨਿਆਂ ਹੀ ਨਹੀਂ ਕੀਤਾ ਸਗੋਂ ਯਾਦਗਾਰੀ ਬਣਾਇਆ ਹੈ।
ਜਤਿੰਦਰ ਜੀਤੂ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਸੁਨੀਤਾ ਧੀਰ, ਸਤਵੰਤ ਕੌਰ, ਰੁਪਿੰਦਰ ਰੂਪੀ, ਮਲਕੀਤ ਰੌਣੀ, ਤਰਸੇਮ ਪਾਲ, ਸ਼ਿਵੰਦਰ ਮਾਹਲ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਸਰਦਾਰ ਸੋਹੀ, ਗੁਰਮੀਤ ਸਾਜਨ, ਬਨਿੰਦਰ ਬਨੀ, ਪਵਨ ਜੌਹਲ, ਜੱਸੀ ਜਸਪ੍ਰੀਤ, ਵਿਕਾਸ, ਮਨਜੀਤ ਸਿੰਘ ਆਦਿ ਨੇ ਆਪੋ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਇਹ ਫਿਲਮ ਪੰਜਾਬੀ ਫਿਲਮਾਂ ਦੇ ਬਹੁਤ ਸਾਰੇ ਸਹਿਯੋਗੀ ਕਲਾਕਾਰਾਂ ਦੀ ਪਛਾਣ ਹੋਰ ਗੂੜ੍ਹੀ ਕਰੇਗੀ।
ਗੀਤ-ਸੰਗੀਤ ਪੱਖੋਂ ਵੀ ਫਿਲਮ ਕਾਬਿਲੇ-ਤਾਰੀਫ਼ ਹੈ ਕਿਉਂਕਿ ‘ਰੱਬ ਦਾ ਰੇਡੀਓ-3’ ’ਚ ਕਹਾਣੀ ਦੀ ਲੋੜ ਅਨੁਸਾਰ ਸਾਫ਼-ਸੁਥਰੇ ਗੀਤ ਸ਼ਾਮਲ ਕੀਤੇ ਗਏ ਹਨ ਨਾ ਕਿ ਹੋਰਨਾਂ ਫਿਲਮਾਂ ਵਾਂਗ ਠੋਸੇ ਗਏ ਹਨ। ਸਮੁੱਚੇ ਰੂਪ ’ਚ ਇਹ ਫਿਲਮ ਘਾਟੇ ’ਚ ਚੱਲ ਰਹੀ ਪੰਜਾਬੀ ਫਿਲਮ ਸਨਅਤ ਨੂੰ ਨਵਾਂ ਹੁਲਾਰਾ ਦੇਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਇਹ ਫਿਲਮ ਹੋਰਨਾਂ ਫਿਲਮਸਾਜ਼ਾਂ ਨੂੰ ਇਹ ਰਸਤਾ ਵੀ ਦਿਖਾਉਾਂਦੀਹੈ ਕਿ ਪੰਜਾਬੀ ਫਿਲਮਾਂ ਲਈ ਕਿਹੋ-ਜਿਹੇ ਵਿਸ਼ਿਆਂ ਦੀ ਚੋਣ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਪੇਸ਼ ਕਰਨ ਲਈ ਕਿੰਨੀ ਮਿਹਨਤ ਕਰਨ ਦੀ ਲੋੜ ਹੈ। ਅਖ਼ੀਰ ’ਚ ਕਹਿ ਸਕਦੇ ਹਾਂ ਕਿ ‘ਵਿਹਲੀ ਜਨਤਾ’ ਪ੍ਰੋਡਕਸ਼ਨ ਦੀ ਇਹ ਫਿਲਮ ਵਿਹਲੇ ਪਏ ਪੰਜਾਬੀ ਸਿਨੇਮਿਆਂ ’ਚ ਰੌਣਕਾਂ ਪਰਤਾਉਣ ਲਈ ਸਹਾਈ ਸਿੱਧ ਹੋਵੇਗੀ।
![]()
