ਡਾ. ਹਰਨੇਕ ਸਿੰਘ ਕਲੇਰ
ਕਿਥੇ ਨਿਭਾਉਣੀ ਤੂੰ ਵਫ਼ਾ, ਹੁਣ ਢੋਲ ਜਾਨੀਆ,
ਕਰਦਾ ਰਵੀਂ ਤੂੰ ਜ਼ਿੰਦਗੀ ਵਿਚ ਮਿਹਰਬਾਨੀਆਂ।
ਚਾਨਣ ਲਈ ਸੂਰਜ ਨਹੀਂ ਤਾਂ ਬਣ ਤੂੰ ਦੀਪ ਹੀ,
ਜ਼ਿੰਦਗੀ ਨੂੰ ਸੰਭਾਲ ਲੈ ਕਰ ਨਾ ਨਾਦਾਨੀਆਂ।
ਹੀਰੇ ਜੈਸਾ ਸੀ ਦਿਲ ਉਂਦੋਂ ਯਾਰੋ ਯਾਦ ਹੈ ਸਭ ਕੁਝ,
ਖਰਚਣ ਨੂੰ ਮਿਲਦੇ ਸੀ ਮਸਾਂ ਆਨੇ-ਦੁਆਨੀਆਂਂ।
ਹਰ ਇੱਕ ਕਲੀ ਹੀ ਬਾਗ ਦੀ ਮੁਰਝਾ ਗਈ ਉਂਦੋਂ,
ਮਣਕੇ ਖਿੰਡਾ ਗਈਆਂ ਜਦੋਂ ਸਭ ਟੁੱਟ ਗਾਨੀਆਂ।
ਖੇਡਣ ਕਬੱਡੀ ਹੁਣ ਕਿਵੇਂ, ਨਸ਼ਿਆਂ ’ਤੇ ਗਭਰੂ,
ਗਿਣਤੀ ਕਰੇ ਹੁਣ ਕੌਣ ਜੋ ਰੁੜੀਆਂ ਜਵਾਨੀਆਂ।
ਬਣ ਕੇ ਵਪਾਰੀ ਤੂੰ ਕਿਤੇ ਘਰ ਨਾ ਲੁੱਟਾ ਲਵੀਂ,
‘ਢਾਈ’ ’ਤੇ ਵੀ ਮਾਰਨ ਨੂੰ ਫਿਰਦੇ ਨੇ ਭਾਨੀਆਂ।
ਹੱਕਾਂ ਲਈ ਕਿਹੜਾ ਲੜੂ ਫਿਰਦੇ ਕਵੀ ਬਣੇ,
ਜੇ ਹੋਣ ਨਾ ਗ਼ਜ਼ਲਾਂ ਦੇ ਵਿੱਚ ਯਾਰੋ ਰਵਾਨੀਆ।
ਕਲਯੁਗ ਕਹੀਂ, ਸਤਜੁਗ ਕਹੀਂ, ਮਰਜ਼ੀ ਹੈ ਦੋਸਤਾ,
ਮਰਦਾਂ ਦੇ ਨਾਲੋਂ ਅੱਜਕੱਲ੍ਹ, ਅੱਗੇ ਜਨਾਨੀਆਂ।
ਸ਼ਾਇਰ ਕਹਾਉਣਾ ਹੈ ਬੜਾ ਔਖਾ ‘ਕਲੇਰ’ ਜੀ,
ਲਿੱਖਣ ਨਾ ਦੁੱਖਾਂ ਦੀ ਕਥਾ ਟੁੱਟਣ ਉਹ ਕਾਨੀਆਂ।
![]()
