ਅਗਲੀ ਸਦੀ ਦਾ ਇਨਸਾਨ: ਪੁਲਾੜ ਦਾ ਮੁਸਾਫ਼ਿਰ ਜਾਂ ਮਸ਼ੀਨਾਂ ਦਾ ਗੁਲਾਮ

In ਖਾਸ ਰਿਪੋਰਟ
April 16, 2026

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
9815700916
ਅਜੋਕਾ ਯੁੱਗ ਵਿਗਿਆਨਕ ਪ੍ਰਾਪਤੀਆਂ ਦਾ ਸਿਖਰ ਮੰਨਿਆ ਜਾ ਰਿਹਾ ਹੈ। ਵਿਗਿਆਨ ਦਾ ਮੌਜੂਦਾ ਨਤੀਜਾ ਇਹ ਹੈ: ‘ਅਸੀਂ ਅਜੇ ਤੱਕ ਕੁਝ ਲੱਭ ਨਹੀਂ ਸਕੇ, ਪਰ ਅਸੀਂ ਇਕੱਲੇ ਹੋਈਏ, ਇਸ ਦੀ ਸੰਭਾਵਨਾ ਬਹੁਤ ਘੱਟ ਹੈ।’ ਜਿਵੇਂ ਕਿ ਮਸ਼ਹੂਰ ਵਿਗਿਆਨੀ ਕਾਰਲ ਸੇਗਨ ਨੇ ਕਿਹਾ ਸੀ— ‘ਜੇਕਰ ਅਸੀਂ ਇਸ ਅਨੰਤ ਬ੍ਰਹਿਮੰਡ ਵਿੱਚ ਇਕੱਲੇ ਹਾਂ, ਤਾਂ ਇਹ ਜਗ੍ਹਾ ਦੀ ਬਹੁਤ ਵੱਡੀ ਬਰਬਾਦੀ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ।’ ਅਜੇ ਤੱਕ ਏਲੀਅਨਜ਼ ਸਿਰਫ਼ ਇੱਕ ਮਜ਼ਬੂਤ ਵਿਗਿਆਨਕ ਕਲਪਨਾ ਹਨ, ਹਕੀਕਤ ਬਣਨ ਲਈ ਸਾਨੂੰ ਇੱਕ ਠੋਸ ਸਬੂਤ ਦੀ ਉਡੀਕ ਹੈ। ਚਾਹੇ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵ ਹੋਣ ਜਾਂ ਨਾ ਹੋਣ, ਪਰ ‘ਮਨੁੱਖੀ ਬਿਰਤੀ’ (ਜਿਗਿਆਸਾ ਅਤੇ ਮੁਕਾਬਲੇਬਾਜ਼ੀ) ਹੀ ਉਹ ਦੌੜ ਹੈ ਜਿਸ ਨੇ ਸਾਨੂੰ ਧਰਤੀ ਤੋਂ ਚੰਦਰਮਾ ਤੱਕ ਪਹੁੰਚਾਇਆ ਹੈ। ਉਸ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਸੀਂ ਇਹ ਜਾਣ ਸਕਾਂਗੇ ਕਿ ਕੀ ਕੋਈ ਹੋਰ ‘ਵਿਚਿੱਤਰ ਗ੍ਰਹਿ’ ਵੀ ਸਾਡੀ ਧਰਤੀ ਵਾਂਗ ਹੋਂਦ ਵਿੱਚ ਹੈ। ਮਨੁੱਖ ਚੰਨ ’ਤੇ ਬਸਤੀਆਂ ਵਸਾਉਣ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਰਾਹੀਂ ਬ੍ਰਹਿਮੰਡ ਨੂੰ ਮੁੱਠੀ ਵਿੱਚ ਕਰਨ ਦੇ ਸੁਪਨੇ ਦੇਖ ਰਿਹਾ ਹੈ। ਪਰ ਗੁਰਮਤਿ ਦੇ ਦਾਰਸ਼ਨਿਕ ਨਜ਼ਰੀਏ ਤੋਂ ਜਦੋਂ ਅਸੀਂ ਇਹਨਾਂ ਪ੍ਰਾਪਤੀਆਂ ਨੂੰ ਦੇਖਦੇ ਹਾਂ, ਤਾਂ ਇੱਕ ਬੁਨਿਆਦੀ ਸਵਾਲ ਸਾਹਮਣੇ ਆਉਂਦਾ ਹੈ ਕਿ ਕੀ ਮਨੁੱਖ ਬਾਹਰੀ ਬ੍ਰਹਿਮੰਡ ਨੂੰ ਜਿੱਤਣ ਦੀ ਦੌੜ ਵਿੱਚ ਆਪਣੇ ਅੰਦਰਲੇ ਬ੍ਰਹਿਮੰਡ ਅਤੇ ‘ਕਰਤਾਰ’ ਦੀ ਹੋਂਦ ਨੂੰ ਵਿਸਾਰ ਰਿਹਾ ਹੈ?
ਗੁਰਬਾਣੀ ਦਾ ਫ਼ੁਰਮਾਨ ਹੈ—
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥
ਜਪੁਜੀ ਸਾਹਿਬ ਦੀ ਇਹ 22ਵੀਂ ਪੌੜੀ ਗੁਰਮਤਿ ਦੇ ਉਸ ਵਿਰਾਟ ਦਾਰਸ਼ਨਿਕ ਪੱਖ ਨੂੰ ਉਜਾਗਰ ਕਰਦੀ ਹੈ, ਜਿੱਥੇ ਵਿਗਿਆਨਕ ਖੋਜਾਂ ਦੀਆਂ ਸੀਮਾਵਾਂ ਖ਼ਤਮ ਹੁੰਦੀਆਂ ਹਨ ਅਤੇ ਮਨ ਵਿੱਚ ਵਿਸਮਾਦ ਸ਼ੁਰੂ ਹੁੰਦਾ ਹੈ।
ਗੁਰੂ ਸਾਹਿਬ ਸਦੀਆਂ ਪਹਿਲਾਂ ਇਹ ਸਪੱਸ਼ਟ ਕਰ ਗਏ ਸਨ ਕਿ ਬ੍ਰਹਿਮੰਡ ਦੀ ਕੋਈ ਸੀਮਾ ਨਹੀਂ ਹੈ। ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰਬੀ ਰਚਨਾ ਮਹਾਨ ਹੈ। ਅੱਜ ਦਾ ਵਿਗਿਆਨ ਜਿੰਨੀਆਂ ਵੀ ਗਲੈਕਸੀਆਂ ਜਾਂ ਗ੍ਰਹਿ ਲੱਭ ਲਵੇ, ਉਹ ‘ਬੇਅੰਤ’ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੋਵੇਗਾ। ਦਾਰਸ਼ਨਿਕ ਪੱਖ ਇਹ ਹੈ ਕਿ ਮਨੁੱਖੀ ਬੁੱਧੀ ਬ੍ਰਹਿਮੰਡ ਨੂੰ ਮਾਪ ਨਹੀਂ ਸਕਦੀ; ਇਹ ਲੱਖਾਂ ਪਾਤਾਲਾਂ ਅਤੇ ਅਕਾਸ਼ਾਂ ਦਾ ਇੱਕ ਅਜਿਹਾ ਪਸਾਰਾ ਹੈ ਜੋ ਸਾਡੀ ਸੋਚ ਤੋਂ ਪਰੇ ਹੈ।
ਮਨੁੱਖ ਨੇ ਹਮੇਸ਼ਾ ਕੁਦਰਤ ਦਾ ਅੰਤ (ਓੜਕ) ਲੱਭਣ ਦੀ ਕੋਸ਼ਿਸ਼ ਕੀਤੀ ਹੈ। ਵੇਦਾਂ ਅਤੇ ਧਾਰਮਿਕ ਗ੍ਰੰਥਾਂ ਨੇ ਵੀ ਬਹੁਤ ਖੋਜ ਕੀਤੀ, ਪਰ ਅੰਤ ਵਿੱਚ ਉਨ੍ਹਾਂ ਨੇ ਵੀ ਇਹੀ ਕਿਹਾ ਕਿ ‘ਉਹ ਬੇਅੰਤ ਹੈ।’ ਜਦੋਂ ਮਨੁੱਖ ਖੋਜ ਕਰਦਾ-ਕਰਦਾ ਥੱਕ ਜਾਂਦਾ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਜਾਣਨਾ ਮਨੁੱਖੀ ਸਮਰੱਥਾ ਤੋਂ ਬਾਹਰ ਹੈ।
ਭਾਵੇਂ ਪੁਰਾਣ 18,000 ਆਲਮ (ਜਹਾਨ) ਕਹਿਣ ਜਾਂ ਵੱਖ-ਵੱਖ ਧਰਮਾਂ ਦੀਆਂ ਕਿਤਾਬਾਂ ਵੱਖ-ਵੱਖ ਅੰਕੜੇ ਦੇਣ, ਪਰ ਸਾਰਿਆਂ ਦਾ ‘ਮੂਲ’ (ਧਾਤੁ) ਇੱਕ ਹੀ ਹੈ। ਦਾਰਸ਼ਨਿਕ ਤੌਰ ’ਤੇ ਇਹ ‘ਅਦਵੈਤਵਾਦ’ ਦੀ ਗੱਲ ਹੈ—ਕਿ ਸਾਰੀ ਕਾਇਨਾਤ ਇੱਕੋ ਪਰਮ-ਤੱਤ (ਵਾਹਿਗੁਰੂ,ਬ੍ਰਹਮ, ਨਿੰਰਕਾਰ) ਵਿੱਚੋਂ ਨਿਕਲੀ ਹੈ। ਭਾਵੇਂ ਰੂਪ ਅਨੇਕ ਹਨ, ਪਰ ਉਹ ਸਾਰੇ ਇੱਕੋ ਊਰਜਾ ਜਾਂ ਪ੍ਰਕਾਸ਼ ਨਾਲ ਜੁੜੇ ਹੋਏ ਹਨ।
ਜੇਕਰ ਬ੍ਰਹਮ ਦੀ ਕੁਦਰਤ ਦਾ ਕੋਈ ਹਿਸਾਬ-ਕਿਤਾਬ (ਲੇਖਾ) ਹੋ ਸਕਦਾ ਹੁੰਦਾ, ਤਾਂ ਮਨੁੱਖ ਜ਼ਰੂਰ ਲਿਖ ਲੈਂਦਾ। ਪਰ ਉਸ ਦਾ ਵਿਸਥਾਰ ਇੰਨਾ ਵੱਡਾ ਹੈ ਕਿ ਹਿਸਾਬ ਲਗਾਉਂਦੇ-ਲਗਾਉਂਦੇ ਲੇੇਖਾ ਕਰਨ ਵਾਲਾ ਖ਼ੁਦ ਹੀ ਖ਼ਤਮ ਹੋ ਜਾਂਦਾ ਹੈ, ਪਰ ਲੇਖਾ ਪੂਰਾ ਨਹੀਂ ਹੁੰਦਾ। ਇਹ ਮਨੁੱਖੀ ਹਉਮੈ ’ਤੇ ਸਿੱਧੀ ਚੋਟ ਹੈ ਕਿ ਤੂੰ ਆਪਣੀ ਗਣਿਤ ਜਾਂ ਵਿਗਿਆਨ ਨਾਲ ਉਸ ਅਕਾਲ ਪੁਰਖ ਦੀ ਹੋਂਦ ਤੇ ਬ੍ਰਹਿਮੰਡ ਨੂੰ ਨਹੀਂ ਮਾਪ ਸਕਦਾ।
ਅਖੀਰ ਵਿੱਚ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਹੀ ਜਾਣਦਾ ਹੈ ਕਿ ਉਸਦੀ ਰਚਨਾ ਕਿੱਡੀ ਵਿਸ਼ਾਲ ਹੈ ,ਜਿਸ ਵਿਚ ਉਹ ਸਮਾਇਆ ਹੋਇਆ ਹੈ। ਮਨੁੱਖ ਦਾ ਕੰਮ ਬ੍ਰਹਮ ਨੂੰ ‘ਵੱਡਾ’ ਕਹਿ ਕੇ ਉਸ ਦੀ ਵਡਿਆਈ ਕਰਨਾ ਹੈ। ਕਹਿਣ ਤੋਂ ਭਾਵ ਜਦੋਂ ਵਿਗਿਆਨਕ ਤਰਕ ਰੁਕ ਜਾਂਦਾ ਹੈ, ਉੱਥੇ ‘ਸ਼ਰਧਾ’ ਅਤੇ ‘ਵਿਸਮਾਦ’ ਪੈਦਾ ਹੁੰਦਾ ਹੈ। ਅਸਲ ਗਿਆਨ ਇਹੀ ਹੈ ਕਿ ਅਸੀਂ ਇਹ ਮੰਨ ਲਈਏ ਕਿ ਅਸੀਂ ਕੁਝ ਨਹੀਂ ਜਾਣਦੇ, ਸਭ ਕੁਝ ਉਹ ‘ਆਪ’ ਹੀ ਜਾਣਦਾ ਹੈ।
ਇਹ ਵਿਚਾਰ ਸਾਨੂੰ ਸਿਖਾਉਂਦਾ ਹੈ ਕਿ ਮਨੁੱਖੀ ਗਿਆਨ ਦਾ ਅਹੰਕਾਰ ਤੁੱਛ ਹੈ। ਜਿੰਨਾ ਜ਼ਿਆਦਾ ਅਸੀਂ ਬ੍ਰਹਿਮੰਡ ਨੂੰ ਜਾਣਦੇ ਹਾਂ, ਓਨਾ ਹੀ ਸਾਨੂੰ ਉਸ ਦੀ ਵਿਸ਼ਾਲਤਾ ਦਾ ਅਹਿਸਾਸ ਹੁੰਦਾ ਹੈ। ਇਹ ਸਾਨੂੰ ਕੁਦਰਤ ਅੱਗੇ ਨਿਮਰ ਹੋਣਾ ਸਿਖਾਉਂਦੀ ਹੈ—ਇਹੀ ਗੁਰਮਤਿ ਦਾ ਅਸਲ ਵਿਗਿਆਨਕ ਅਤੇ ਅਧਿਆਤਮਿਕ ਦਰਸ਼ਨ ਹੈ।
ਮਨੁੱਖ ਅੱਜ ਜਿਨ੍ਹਾਂ ਗਲੈਕਸੀਆਂ ਅਤੇ ਪੁਲਾੜੀ ਦੂਰੀਆਂ ਨੂੰ ਮਾਪ ਰਿਹਾ ਹੈ, ਗੁਰਮਤਿ ਨੇ ਸਦੀਆਂ ਪਹਿਲਾਂ ਉਹਨਾਂ ਨੂੰ ‘ਬੇਅੰਤ’ ਕਹਿ ਕੇ ਵਡਿਆਇਆ ਸੀ। ਚੰਦਰਮਾ ਤੱਕ ਪਹੁੰਚਣਾ ਮਨੁੱਖੀ ਜਿਗਿਆਸਾ ਦੀ ਵੱਡੀ ਜਿੱਤ ਹੋ ਸਕਦੀ ਹੈ, ਪਰ ਅਧਿਆਤਮਿਕ ਪੱਖੋਂ ਇਹ ‘ਕੁਦਰਤ’ ਦੇ ਵਿਸਥਾਰ ਦਾ ਇੱਕ ਨਿੱਕਾ ਜਿਹਾ ਅੰਸ਼ ਮਾਤਰ ਹੈ। ਵਿਗਿਆਨ ਸਿਰਫ਼ ਵਾਹਿਗੁਰੂ ਦੀ ‘ਕਿਰਤ’ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਗੁਰਮਤਿ ‘ਕਰਤਾਰ’ ਦੀ ਪਛਾਣ ’ਤੇ ਜ਼ੋਰ ਦਿੰਦੀ ਹੈ।
ਮਨੁੱਖ ਦੇ ਅੰਦਰਲੇ ‘ਦੈਵੀ ਗੁਣਾਂ’ ਅਤੇ ‘ਹਉਮੈ’ ਦਾ ਟਕਰਾਅ ਹੈ। ਮਨੁੱਖੀ ਹੰਕਾਰ ਅੱਜ ਦੀ ਤਕਨੀਕੀ ਹੋੜ ਵਿੱਚ ਵੀ ਨਜ਼ਰ ਆਉਂਦਾ ਹੈ, ਜਿੱਥੇ ਇੱਕ ਮੁਲਕ ਦੂਜੇ ’ਤੇ ਗਲਬਾ ਪਾਉਣ ਲਈ ਪੁਲਾੜ ਨੂੰ ਇੱਕ ਹਥਿਆਰ ਵਜੋਂ ਵਰਤਣਾ ਚਾਹੁੰਦਾ ਹੈ। ਗੁਰਮਤਿ ਵਿੱਚ ‘ਹਉਮੈ ਦੀਰਘ ਰੋਗੁ ਕਿਹਾ ਹੈ’। ਜੇਕਰ ਮਨੁੱਖ ਚੰਦ ’ਤੇ ਤਾਂ ਪਹੁੰਚ ਗਿਆ ਪਰ ਆਪਣੇ ਅੰਦਰਲੇ ਹੰਕਾਰ, ਈਰਖਾ, ਭਰਮ ਨੂੰ ਨਾ ਜਿੱਤ ਸਕਿਆ, ਤਾਂ ਇਹ ਵਿਕਾਸ ਅਧੂਰਾ ਹੈ। ਨਿਰਮਾਣ ਅਤੇ ਵਿਨਾਸ਼ ਦਾ ਨਾਲ-ਨਾਲ ਚੱਲਣਾ ਇਸੇ ‘ਹਉਮੈ’ ਦੀ ਉਪਜ ਹੈ, ਜਿੱਥੇ ਮਨੁੱਖ ਰੌਕੇਟ ਵੀ ਬਣਾਉਂਦਾ ਹੈ ਅਤੇ ਦੂਜੇ ਨੂੰ ਮਿਟਾਉਣ ਲਈ ਐਟਮ ਬੰਬ ਵੀ ਬਣਾਉਂਦਾ ਹੈ। ਦੂਜਿਆਂ ਦੇ ਕੁਦਰਤੀ ਭੰਡਾਰਾਂ ਉਪਰ ਕਬਜ਼ਾ ਕਰਨ ਲਈ ਜੰਗਾਂ ਨੂੰ ਜਨਮ ਦੇਕੇ ਹੈਵਾਨ ਬਣਦਾ ਹੈ ਤੇ ਮਨੁੱਖਤਾ ਦੇ ਵਿਨਾਸ਼ ਦਾ ਕਾਰਣ ਬਣਦਾ ਹੈ।
ਭਵਿੱਖ ਵਿੱਚ ਮਸ਼ੀਨਾਂ ਅਤੇ ਏ.ਆਈ. ਰਾਹੀਂ ਪੁਲਾੜੀ ਸਫ਼ਰ ਤੈਅ ਕੀਤੇ ਜਾਣ ਦੀ ਗੱਲ ਹੋ ਰਹੀ ਹੈ। ਗੁਰਮਤਿ ਅਨੁਸਾਰ, ਮਸ਼ੀਨ ‘ਜੜ੍ਹ’ ਹੈ ਅਤੇ ਮਨੁੱਖ ‘ਚੇਤਨ’। ਮਸ਼ੀਨ ਓਹੀ ਕਰੇਗੀ ਜੋ ਉਸ ਦਾ ਨਿਰਮਾਤਾ (ਮਨੁੱਖ) ਉਸ ਵਿੱਚ ਭਰੇਗਾ। ਜੇਕਰ ਮਨੁੱਖੀ ਬੁੱਧੀ ਵਿਕਾਰਾਂ ਨਾਲ ਭਰੀ ਹੋਵੇਗੀ, ਤਾਂ ਉਸ ਦੁਆਰਾ ਸਿਰਜੀ ‘ਏ.ਆਈ.’ ਵੀ ਵਿਨਾਸ਼ਕਾਰੀ ਹੋ ਸਕਦੀ ਹੈ। ਗੁਰੂ ਸਾਹਿਬ ਨੇ ‘ਮਨੁ ਜੀਤੈ ਜਗੁ ਜੀਤੁ’ ਦਾ ਮਾਰਗ ਦੱਸਿਆ ਹੈ। ਅਸਲ ‘ਆਟੋ-ਮੋਡ’ ਉਹ ਹੈ ਜਦੋਂ ਮਨੁੱਖੀ ਮਨ ਰਬੀ ਹੁਕਮ ਵਿੱਚ ਚੱਲਣ ਲੱਗ ਪਵੇ, ਨਾ ਕਿ ਜਦੋਂ ਮਸ਼ੀਨਾਂ ਮਨੁੱਖ ਦੇ ਫ਼ੈਸਲੇ ਲੈਣ ਲੱਗ ਜਾਣ।
ਅਮਰੀਕਾ ਜਾਂ ਕਿਸੇ ਵੀ ਹੋਰ ਵਿਕਾਸਸ਼ੀਲ ਦੇਸ਼ ਦੀ ਪ੍ਰਯੋਗਸ਼ਾਲਾ ਵਿੱਚ ਹੋ ਰਹੀਆਂ ਖੋਜਾਂ ਉਦੋਂ ਹੀ ਮਨੁੱਖਤਾ ਲਈ ਵਰਦਾਨ ਬਣ ਸਕਦੀਆਂ ਹਨ ਜੇਕਰ ਉਹ ‘ਸਰਬੱਤ ਦੇ ਭਲੇ’ ਦੇ ਸਿਧਾਂਤ ਨਾਲ ਜੁੜੀਆਂ ਹੋਣ। ਪੁਲਾੜ ਦੀ ਖੋਜ ਸਿਰਫ਼ ਪਦਾਰਥਕ ਲਾਭ (ਹੀਲਿਅਮ-3 ਜਾਂ ਈਂਧਨ) ਲਈ ਨਹੀਂ, ਸਗੋਂ ਕਰਤਾਰ ਦੀ ਕਲਾ ਨੂੰ ਸਮਝਣ ਲਈ ਹੋਣੀ ਚਾਹੀਦੀ ਹੈ।
ਅੰਤ ਵਿੱਚ, ਸਭਿਅਤਾਵਾਂ ਦੀ ਉਡਾਣ ਉਦੋਂ ਹੀ ਸਾਰਥਕ ਹੈ ਜਦੋਂ ਮਨੁੱਖ ‘ਹੋਮੋ ਸੇਪੀਅਨ’ ਤੋਂ ਉੱਪਰ ਉੱਠ ਕੇ ‘ਗੁਰਮੁਖ’ ਬਣਨ ਦੀ ਕੋਸ਼ਿਸ਼ ਕਰੇ। ਹੋਮੋ ਸੇਪੀਅਨ ਇਹ ਮਨੁੱਖ ਦੀ ਉਹ ਅਵਸਥਾ ਹੈ ਜੋ ਸਿਰਫ਼ ਬੁੱਧੀ, ਤਰਕ ਅਤੇ ਸਰੀਰਕ ਲੋੜਾਂ ਤੱਕ ਸੀਮਤ ਹੈ। ਵਿਗਿਆਨਕ ਤੌਰ ’ਤੇ ਅਸੀਂ ਬਹੁਤ ਉੱਨਤੀ ਕਰ ਲਈ ਹੈ, ਪਰ ਇਹ ਉੱਨਤੀ ਅਕਸਰ ‘ਹਉਮੈ’ ਨੂੰ ਜਨਮ ਦਿੰਦੀ ਹੈ।
ਗੁਰਮਤਿ ਅਨੁਸਾਰ ਗੁਰਮੁਖ ਉਹ ਹੈ ਜਿਸ ਦਾ ਮੁੱਖ ‘ਗੁਰੂ’ ਜਾਂ ‘ਰਬੀ ਸੱਚ’ ਵੱਲ ਹੈ। ਜਦੋਂ ਮਨੁੱਖ ਆਪਣੀ ਬੁੱਧੀ ਦੀ ਵਰਤੋਂ ਸਿਰਫ਼ ਨਿੱਜੀ ਫ਼ਾਇਦੇ ਲਈ ਨਹੀਂ, ਸਗੋਂ ‘ਸਰਬੱਤ ਦੇ ਭਲੇ’ ਅਤੇ ਕੁਦਰਤ ਦੀ ਰਮਜ਼ ਨੂੰ ਸਮਝਣ ਲਈ ਕਰਦਾ ਹੈ, ਤਾਂ ਉਹ ‘ਹੋਮੋ ਸੇਪੀਅਨ’ (ਪਸ਼ੂ ਬਿਰਤੀ/ਸਵਾਰਥ) ਤੋਂ ਉੱਪਰ ਉੱਠ ਕੇ ‘ਗੁਰਮੁਖ’ ਬਣ ਜਾਂਦਾ ਹੈ। ਸਭਿਅਤਾਵਾਂ ਦੀ ਸਾਰਥਕਤਾ ਕੇਵਲ ਵੱਡੀਆਂ ਇਮਾਰਤਾਂ ਜਾਂ ਰੌਕੇਟ ਬਣਾਉਣ ਵਿੱਚ ਨਹੀਂ, ਸਗੋਂ ਉੱਚੇ ਇਖ਼ਲਾਕ ਵਾਲੇ ਮਨੁੱਖ ਪੈਦਾ ਕਰਨ ਵਿੱਚ ਹੈ।
ਜਦੋਂ ਅਸੀਂ ਖਗੋਲ ਵਿਗਿਆਨ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਕਰੋੜਾਂ ਗਲੈਕਸੀਆਂ ਵਿੱਚ ਸਾਡੀ ਧਰਤੀ ਰੇਤ ਦੇ ਇੱਕ ਕਣ ਵਰਗੀ ਹੈ ਅਤੇ ਉਸ ਕਣ ਉੱਤੇ ਮਨੁੱਖ ਦੀ ਹੋਂਦ ਇੱਕ ਬਿੰਦੂ ਮਾਤਰ ਵੀ ਨਹੀਂ। ਦਾਰਸ਼ਨਿਕ ਪੱਖੋਂ, ਜਦੋਂ ਮਨੁੱਖ ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਦੇਖਦਾ ਹੈ, ਤਾਂ ਉਸ ਨੂੰ ਆਪਣੀ ਸੀਮਾ ਦਾ ਪਤਾ ਲੱਗਦਾ ਹੈ। ਇਹ ‘ਤੁੱਛਤਾ’ ਨਕਾਰਾਤਮਕ ਨਹੀਂ ਹੈ, ਸਗੋਂ ਇਹ ਨਿਮਰਤਾ ਦੀ ਜਨਨੀ ਹੈ। ਗੁਰਬਾਣੀ ਸਿਖਾਉਂਦੀ ਹੈ— ‘ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥ (ਪੰਨਾ 266)
ਜਿਹੜਾ ਮਨੁੱਖ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਉਹੀ ਸਾਰਿਆਂ ਨਾਲੋਂ ਵੱਡਾ ਗਿਣਿਆ ਜਾਂਦਾ ਹੈ। ਹੰਕਾਰ ਉਦੋਂ ਪੈਦਾ ਹੁੰਦਾ ਹੈ ਜਦੋਂ ਮਨੁੱਖ ਆਪਣੇ ਆਪ ਨੂੰ ‘ਕਰਤਾ’ ਸਮਝਣ ਲੱਗ ਪੈਂਦਾ ਹੈ। ਪਰ ਜਦੋਂ ਉਹ ਬ੍ਰਹਿਮੰਡ ਦੇ ਬੇਅੰਤ ਪਸਾਰੇ ਨੂੰ ਦੇਖਦਾ ਹੈ, ਤਾਂ ਉਸ ਦੀ ‘ਮੈਂ’ ਖ਼ਤਮ ਹੋ ਜਾਂਦੀ ਹੈ। ਇਹ ਹੰਕਾਰ ਦਾ ਟੁੱਟਣਾ ਹੀ ਬ੍ਰਹਿਮੰਡੀ ਚੇਤਨਾ ਦੀ ਸ਼ੁਰੂਆਤ ਹੈ।
ਕੋਈ ਵੀ ਖੋਜ ਜਾਂ ਤਕਨਾਲੋਜੀ (ਜਿਵੇਂ ਏ.ਆਈ. ਜਾਂ ਮਾਰਸ ਮਿਸ਼ਨ) ਉਦੋਂ ਹੀ ਸਾਰਥਕ ਹੈ ਜੇਕਰ ਉਹ ਮਨੁੱਖ ਨੂੰ ਹੋਰ ਜ਼ਿਆਦਾ ਸੰਵੇਦਨਸ਼ੀਲ, ਦਿਆਲੂ ਅਤੇ ਕੁਦਰਤ ਦੇ ਕਰੀਬ ਲੈ ਕੇ ਜਾਵੇ। ਜੇਕਰ ਵਿਗਿਆਨ ਸਾਨੂੰ ਸਿਰਫ਼ ਤਾਕਤਵਰ ਬਣਾਉਂਦਾ ਹੈ ਪਰ ਅੰਦਰੋਂ ਖੋਖਲਾ ਛੱਡ ਦਿੰਦਾ ਹੈ, ਤਾਂ ਇਹ ਵਿਕਾਸ ਵਿਨਾਸ਼ ਵੱਲ ਲੈ ਕੇ ਜਾਵੇਗਾ।
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥’
ਗੁਰਮਤਿ ਦਾ ਇਹ ਸਿਧਾਂਤ ਦੱਸਦਾ ਹੈ ਕਿ ਗਿਆਨ ਦਾ ਅਸਲ ਮਕਸਦ ਦੂਜਿਆਂ ਦਾ ਭਲਾ ਕਰਨਾ ਅਤੇ ਨਿਮਰ ਹੋਣਾ ਹੈ।
ਮਨੁੱਖ ਦਾ ਚੰਦ ’ਤੇ ਪਹੁੰਚਣਾ ਸਰੀਰਕ ਉਡਾਣ ਹੈ, ਪਰ ਮਨੁੱਖ ਦਾ ਆਪਣੇ ਅੰਦਰਲੇ ਹੰਕਾਰ ਨੂੰ ਮਾਰ ਕੇ ਸਭ ਵਿੱਚ ਉਸੇ ਇੱਕ ਨੂਰ ਨੂੰ ਦੇਖਣਾ ‘ਅਧਿਆਤਮਕ ਉਡਾਣ’ ਹੈ। ਜਿੰਨੀ ਦੇਰ ਤੱਕ ਸਾਡੀ ਬਾਹਰੀ ਉਡਾਣ ਸਾਡੀ ਅੰਦਰੂਨੀ ਨਿਮਰਤਾ ਦੇ ਬਰਾਬਰ ਨਹੀਂ ਹੁੰਦੀ, ਉਦੋਂ ਤੱਕ ਸਭਿਅਤਾਵਾਂ ਅਧੂਰੀਆਂ ਰਹਿਣਗੀਆਂ।
ਬ੍ਰਹਿਮੰਡ ਦੀ ਵਿਸ਼ਾਲਤਾ ਦੇ ਸਾਹਮਣੇ ਮਨੁੱਖ ਨੂੰ ਆਪਣੀ ਤੁੱਛਤਾ ਦਾ ਅਹਿਸਾਸ ਹੋਣਾ ਚਾਹੀਦਾ ਹੈ, ਨਾ ਕਿ ਹੰਕਾਰ। ਜਿਵੇਂ ਗੁਰਬਾਣੀ ਕਹਿੰਦੀ ਹੈ— ‘ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥’ ਇਸ ਵਿਸਮਾਦ ਵਿੱਚ ਜੀਣਾ ਹੀ ਮਨੁੱਖ ਦੀ ਅਸਲ ਪ੍ਰਾਪਤੀ ਹੈ। ਵਿਸਮਾਦ ਦਾ ਮਤਲਬ ਰੱਬੀ ਰੰਗ ਵਿੱਚ ਰੰਗਿਆ ਹੋਣਾ ਤੇ ਅਨੰਦ ਮਹਿਸੂਸ ਕਰਨਾ।
ਗੁਰੂ ਨਾਨਕ ਸਾਹਿਬ ਨੇ ‘ਆਸਾ ਦੀ ਵਾਰ’ ਵਿੱਚ ਵਿਸਮਾਦ ਦਾ ਬਹੁਤ ਸੁੰਦਰ ਵਰਣਨ ਕੀਤਾ ਹੈ:
‘ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥’
‘ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫ਼ਿਰਹਿ ਜੰਤ ॥’
ਇੱਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਹਵਾ ਦੀ ਆਵਾਜ਼ ਵਿੱਚ ਵਿਸਮਾਦ ਹੈ, ਗਿਆਨ ਵਿੱਚ ਵਿਸਮਾਦ ਹੈ, ਜੀਵਾਂ ਦੀਆਂ ਕਿਸਮਾਂ ਵਿੱਚ ਵਿਸਮਾਦ ਹੈ, ਅਤੇ ਕੁਦਰਤ ਦੇ ਰੰਗਾਂ ਵਿੱਚ ਵਿਸਮਾਦ ਹੈ। ਮਤਲਬ ਕਿ ਕੁਦਰਤ ਦਾ ਹਰ ਕਣ ਉਸ ਕਰਤਾਰ ਦੀ ਅਦਭੁਤ ਕਲਾ ਦਾ ਨਮੂਨਾ ਹੈ। ਵਿਸਮਾਦ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਮਨੁੱਖ ਨੂੰ ਨਿਮਰ ਬਣਾਉਂਦਾ ਹੈ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸ੍ਰਿਸ਼ਟੀ ਇੰਨੀ ਵਿਸ਼ਾਲ ਹੈ ਅਤੇ ਅਸੀਂ ਇੰਨੇ ਛੋਟੇ ਹਾਂ, ਤਾਂ ਸਾਡਾ ‘ਮੈਂ-ਮੇਰੀ’ ਦਾ ਹੰਕਾਰ ਟੁੱਟ ਜਾਂਦਾ ਹੈ। ਇਹੋ ਨਿਮਰਤਾ ਹੀ ਸਾਨੂੰ ਰੱਬੀ ਸੱਚ ਦੇ ਨੇੜੇ ਲੈ ਕੇ ਜਾਂਦੀ ਹੈ।

Loading