ਬੰਦ ਹੋਵੇ ਸਿੱਖਿਆ ਦਾ ਵਪਾਰੀਕਰਨ

In ਮੁੱਖ ਲੇਖ
April 16, 2026

ਪ੍ਰਿੰਸੀਪਲ ਵਿਜੈ ਕੁਮਾਰ
ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਸਾਧਨ ਕੇਵਲ ਤੇ ਕੇਵਲ ਸਰਕਾਰੀ ਸਕੂਲ ਹੀ ਹੁੰਦੇ ਸਨ। ਸਹੂਲਤਾਂ ਘੱਟ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚ ਅਹੁਦਿਆਂ ’ਤੇ ਨਿਯੁਕਤ ਹੁੰਦੇ ਸਨ ਕਿਉਂਕਿ ਇਨ੍ਹਾਂ ਸਕੂਲਾਂ ’ਚ ਪੜ੍ਹਾਈ ਦਾ ਪੱਧਰ ਉੱਚਾ ਹੁੰਦਾ ਸੀ। ਲੋਕਾਂ ਦਾ ਇਹ ਯਕੀਨ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਭਵਿੱਖ ਜ਼ਿਆਦਾ ਸੁਰੱਖਿਅਤ ਹੈ। ਸਕੂਲਾਂ ਦੇ ਨਾਂਅ ਵੀ ਇਕੋ ਜਿਹੇ ਹੁੰਦੇ ਸਨ। ਸਕੂਲਾਂ ’ਚ ਦਾਖਲੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ। ਸੈਂਕੜੇ ਰੁਪਏ ਦੇ ਪ੍ਰਾਸਪੈਕਟਾਂ ਦੀ ਬਜਾਏ ਪੱਚੀ ਪੈਸੇ ਦਾ ਦਾਖਲਾ ਫਾਰਮ ਹੁੰਦਾ ਸੀ। ਇਕ ਬੰਦਾ ਪਤਾਸਿਆਂ ਦੇ ਲਿਫ਼ਾਫ਼ੇ ਨਾਲ ਸਾਰੇ ਮੁਹੱਲੇ ਦੇ ਬੱਚਿਆਂ ਨੂੰ ਸਕੂਲ ’ਚ ਦਾਖਲ ਕਰਵਾ ਆਉਂਦਾ ਸੀ। ਕੋਈ ਟਾਈ, ਬੈਲਟ, ਆਈ ਕਾਰਡ, ਡਾਇਰੀ, ਮਹਿੰਗੀ ਵਰਦੀ ਤੇ ਬੈਗ ਨਹੀਂ ਹੁੰਦੇ ਸਨ। ਸਾਰੇ ਸਕੂਲਾਂ ’ਚ ਇਕੋ ਜਿਹੀਆਂ ਕਿਤਾਬਾਂ ਹੁੰਦੀਆਂ ਸਨ, ਉਹ ਵੀ ਮਹਿੰਗੀਆਂ ਨਹੀਂ ਸਨ ਹੁੰਦੀਆਂ। ਇਸੇ ਲਈ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਔਖਾ ਨਹੀਂ ਸੀ। ਪ੍ਰਾਈਵੇਟ ਸਕੂਲ ਟਾਵੇਂ-ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ’ਚ ਉੱਚ ਵਰਗ ਦੇ ਬੱਚੇ ਹੀ ਪੜ੍ਹਦੇ ਸਨ। ਪਰ ਸਰਕਾਰੀ ਸਕੂਲਾਂ ਦੀਆਂ ਖ਼ਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿਰ, ਕਸਬੇ ਤੇ ਪਿੰਡਾਂ ’ਚ ਸਕੂਲ ਖੁਲ੍ਹਵਾ ਦਿੱਤੇ। ਸਰਕਾਰੀ ਸਕੂਲ ਕੇਵਲ ਉਨ੍ਹਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ, ਜਿਹੜੇ ਆਰਥਿਕ ਕਮਜ਼ੋਰੀ ਕਰਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ’ਚ ਪੜ੍ਹਾ ਨਹੀਂ ਸਕਦੇ। ਜੇ ਇਹ ਕਹਿ ਲਿਆ ਜਾਵੇ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ’ਚ ਪੜ੍ਹਾਉਣਾ ਇਕ ਸਟੇਟਸ ਸਿੰਬਲ ਬਣ ਚੁੱਕਾ ਹੈ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਮੌਜੂਦਾ ਸਮੇਂ ’ਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਸਿੱਖਿਆ ਖੇਤਰ ’ਚ ਕੰਮ ਕਰ ਰਹੇ ਹਨ। ਪਹਿਲੇ ਉਹ ਪ੍ਰਾਈਵੇਟ ਸਕੂਲ, ਜਿਨ੍ਹਾਂ ’ਚ ਕੇਵਲ ਉੱਚ ਵਰਗ ਦੇ ਬੱਚੇ ਪੜ੍ਹਦੇ ਹਨ। ਇਨ੍ਹਾਂ ਸਕੂਲਾਂ ’ਚ ਦਾਖਲੇ ਲਈ ਸੈਂਕੜੇ ਰੁਪਇਆਂ ਦਾ ਪ੍ਰਾਸਪੈਕਟ, ਲੱਖਾਂ ਰੁਪਏ ਡੋਨੇਸ਼ਨ/ਵਿਕਾਸ ਫੰਡ, ਹਜ਼ਾਰਾਂ ਰੁਪਏ ਮਹੀਨੇ ਦੀ ਫ਼ੀਸ, ਮਹਿੰਗੀਆਂ ਕਿਤਾਬਾਂ, ਬੱਸਾਂ ਦੇ ਕਿਰਾਏ ਤੇ ਹੋਰ ਖ਼ਰਚੇ ਹੁੰਦੇ ਹਨ। ਇਨ੍ਹਾਂ ਸਕੂਲਾਂ ’ਚ ਬੱਚਿਆਂ ਨੂੰ ਦਾਖਲਾ ਮਿਲਣਾ ਸੌਖੀ ਗੱਲ ਨਹੀਂ ਹੁੰਦੀ। ਦਾਖਲੇ ਲਈ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਹੀਲੇ-ਵਸੀਲੇ ਕਰਨੇ ਪੈਂਦੇ ਹਨ। ਇਨ੍ਹਾਂ ਸਕੂਲਾਂ ਪ੍ਰਤੀ ਮਾਪਿਆਂ ਦਾ ਇਹ ਵਿਸ਼ਵਾਸ ਹੈ ਕਿ ਇੱਥੇ ਪੜ੍ਹਾਈ ਦਾ ਪੱਧਰ ਉੱਚਾ ਹੁੰਦਾ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ’ਚ ਵੀ ਪੜ੍ਹਾਈ ਕਾਫ਼ੀ ਮਹਿੰਗੀ ਹੁੰਦੀ ਹੈ ਪਰ ਇਨ੍ਹਾਂ ’ਚ ਔਖੇ-ਸੌਖੇ ਦਾਖਲਾ ਮਿਲ ਜਾਂਦਾ ਹੈ। ਤੀਜੀ ਕਿਸਮ ’ਚ ਗਲੀ-ਮੁਹੱਲਿਆਂ, ਚੌਕਾਂ, ਬਸਤੀਆਂ ਤੇ ਹੋਰ ਥਾਈਂ ਖੁੱਲ੍ਹੇ ਪ੍ਰਾਈਵੇਟ ਮਾਡਲ ਸਕੂਲ ਹਨ, ਜਿਨ੍ਹਾਂ ’ਚ ਉਨ੍ਹਾਂ ਮਾਪਿਆਂ ਦੇ ਬੱਚੇ ਪੜ੍ਹਦੇ ਹਨ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਨਹੀਂ ਪੜ੍ਹਾਉਣਾ ਚਾਹੁੰਦੇ ਪਰ ਮਹਿੰਗੇ ਪ੍ਰਾਈਵੇਟ ਮਾਡਲ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣਾ ਉਨ੍ਹਾਂ ਦੀ ਆਰਥਿਕ ਸਥਿਤੀ ਦੇ ਵੱਸ ’ਚ ਨਹੀਂ ਹੁੰਦਾ। ਇਨ੍ਹਾਂ ਦੂਜੀ ਤੇ ਤੀਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਯਤਨ ਹੁੰਦਾ ਹੈ ਕਿ ਸਕੂਲਾਂ ਦੀ ਕਮਾਈ ਵਧਾਉਣ ਲਈ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕੀਤਾ ਜਾਵੇ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਲਈ ਨਵੰਬਰ-ਦਸੰਬਰ ਮਹੀਨੇ ਤੋਂ ਹੀ ਤਰ੍ਹਾਂ-ਤਰ੍ਹਾਂ ਦੇ ਯਤਨ ਕਰਨੇ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਦੇ ਮਾਪਿਆਂ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਗਿਣਾਉਣ ਵਾਲੇ ਤੇ ਬੱਚਿਆਂ ਦੀਆਂ ਤਸਵੀਰਾਂ ਵਾਲੇ ਚਮਕਦੇ-ਲਿਸ਼ਕਦੇ ਇਸ਼ਤਿਹਾਰ ਅਖ਼ਬਾਰਾਂ ਜ਼ਰੀਏ ਲੋਕਾਂ ਤੱਕ ਪਹੁੰਚਾਉਾਂਦੇਹਨ। ਸੋਸ਼ਲ ਮੀਡੀਆ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ। ਆਪਣੀਆਂ ਸਕੂਲੀ ਬੱਸਾਂ, ਕੰਧਾਂ, ਗਲੀ-ਮੁਹੱਲਿਆਂ ਤੇ ਚੌਕਾਂ ’ਚ ਆਪਣੇ ਬੈਨਰ ਲਾਉਂਦੇ ਹਨ। ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲਿਆਂ ਲਈ ਘਰ-ਘਰ ਭੇਜਿਆ ਜਾਂਦਾ ਹੈ। ਬੱਚਿਆਂ ਦੇ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬੱਧੀਆਂ, ਸਹੂਲਤਾਂ, ਆਈ.ਸੀ.ਐੱਸ.ਸੀ., ਸੀ.ਬੀ.ਐੱਸ.ਈ., ਸਿਲੇਬਸ ਫੈਕਲਟੀ ਤੇ ਹੋਰ ਪ੍ਰਬੰਧਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ’ਚ ਦਾਖਲਾ ਕਰਵਾਉਣ ਲਈ ਪ੍ਰੇਰਿਆ ਜਾਂਦਾ ਹੈ। ਬੱਚਿਆਂ ਦੇ ਮਾਪਿਆਂ ਨੂੰ ਇਹ ਫ਼ੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਉਹ ਬੱਚੇ ਨੂੰ ਕਿਹੜੇ ਸਕੂਲ ਵਿੱਚ ਦਾਖਲ ਕਰਵਾਉਣ।
ਪ੍ਰਾਈਵੇਟ ਮਾਡਲ ਸਕੂਲਾਂ ਦੇ ਵਧ ਰਹੇ ਪ੍ਰਭਾਵ ਕਾਰਨ ਤੇ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਘਟ ਰਹੀ ਗਿਣਤੀ ਕਾਰਨ ਹੁਣ ਸਿੱਖਿਆ ਵਿਭਾਗ ਵੀ ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਿਹਾ ਹੈ। ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਨੀਤੀਆਂ ਨੇ ਸਿੱਖਿਆ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਗ਼ਰੀਬ ਤੇ ਮੱਧ ਵਰਗੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤੇ ਉਨ੍ਹਾਂ ਲਈ ਸਕੂਲ ਦੀ ਚੋਣ ਕਰਨਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਕੂਲਾਂ ਦੀ ਚੋਣ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਸਕੂਲ ਘਰ ਤੋਂ ਜ਼ਿਆਦਾ ਦੂਰੀ ’ਤੇ ਨਾ ਹੋਵੇ, ਬੱਚਿਆਂ ’ਤੇ ਜ਼ਿਆਦਾ ਵਿਸ਼ਿਆਂ ਦਾ ਬੋਝ ਨਾ ਹੋਵੇ, ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਮਿਹਨਤੀ ਤੇ ਯੋਗ ਹੋਣ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਤੇ ਹੋਰ ਗਤੀਵਿਧੀਆਂ ਦਾ ਪ੍ਰਬੰਧ ਹੋਵੇ, ਸਕੂਲ ਮੁਖੀ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਦਾ ਪੂਰਾ ਗਿਆਨ ਰੱਖਣ ਵਾਲਾ ਹੋਵੇ, ਬੋਰਡ ਭਾਵੇਂ ਕੋਈ ਵੀ ਹੋਵੇ ਪਰ ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕ ਮਿਹਨਤੀ ਹੋਣੇ ਚਾਹੀਦੇ ਹਨ। ਦੇਸ਼ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਵਰਗ ਦੇ ਬੱਚਿਆਂ ਲਈ ਮਿਆਰੀ, ਸਸਤੀ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਹੋਵੇ।

Loading