ਆਸਾ ਭੌਸਲੇ : ਢਲ ਗਿਆ ਦਿਨ ਹੋ ਗਈ ਸ਼ਾਮ

ਭਾਰਤੀ ਫ਼ਿਲਮਾਂ ਦੇ ਸੰਗੀਤ ਜਗਤ ਦੀ ਇੱਕ ਰੋਮਾਨੀ ਆਵਾਜ਼ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਆਪਣੀ ਮਿੱਠੀ ਆਵਾਜ਼ ਨਾਲ ਕਰੋੜਾਂ ਲੋਕਾਂ ਦੀ ਰੂਹ ਨੂੰ ਛੂਹਣ ਵਾਲੀ ਆਸ਼ਾ ਭੌਸਲੇ, ਜਿਸ ਨੂੰ ਸਾਰੇ ਪਿਆਰ ਨਾਲ ਆਸ਼ਾ ਤਾਈ ਵੀ ਆਖਦੇ ਸਨ, ਦੀ ਮੌਤ ਸੁਰਾਂ ਦੀ ਦੁਨੀਆ ਵਿੱਚ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਆਸ਼ਾ ਭੌਸਲੇ ਉਹ ਸ਼ਖ਼ਸੀਅਤ ਸੀ, ਜਿਸ ਨੇ ਭਾਰਤੀ ਸੰਗੀਤ ਦੇ ਇਤਿਹਾਸ ’ਚ ਨਵਾਂ ਮੁਕਾਮ ਹਾਸਿਲ ਕੀਤਾ। ਆਸ਼ਾ ਭੌਸਲੇ ਨੇ 92 ਸਾਲ ਦੀ ਉਮਰ ਭੋਗੀ ਤੇ ਇਸ ਸਫ਼ਰ ਦਾ ਵੱਡਾ ਹਿੱਸਾ ਲਗਪਗ 80 ਸਾਲ ਸੰਗੀਤ ਨਾਲ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਰਿਹਾ। ਇਸ ਸਫ਼ਰ ਦੌਰਾਨ ਆਸ਼ਾ ਭੌਸਲੇ ਨੇ 24 ਤੋਂ ਵੱਧ ਭਾਸ਼ਾਵਾਂ ਵਿੱਚ ਲਗਪਗ 12 ਹਜ਼ਾਰ ਗੀਤ ਗਾਏ।
ਆਸ਼ਾ ਭੌਸਲੇ ਨੇ ਸੰਗੀਤ ਜਗਤ ਦੀ ਨੁਹਾਰ ਨੂੰ ਜੋ ਰੁਖ਼ ਦਿੱਤਾ ਹੈ, ਉਹ ਇਸ ਦੀ ਵਿਰਾਸਤ ਦਾ ਇੱਕ ਅਣਮੁੱਲਾ ਹਿੱਸਾ ਹੈ। ‘ਢਲ ਗਿਆ ਦਿਨ ਹੋ ਗਈ ਸ਼ਾਮ’ ਤੇ ‘ਕਜਰਾ ਮੁਹੱਬਤ ਵਾਲਾ’ ਵਰਗੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੰਮ ਵਿੱਚੋਂ ਸਕੂਨ ਮਿਲਦਾ ਹੈ ਤੇ ਇਹ ਸਿਰਫ਼ ਕਰੜੀ ਮਿਹਨਤ ਨਾਲ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਖ਼ੁਦ ਇਸ ਦੀ ਗਵਾਹੀ ਵੀ ਭਰਦੀ ਹੈ। ਉਨ੍ਹਾਂ ਨਾ ਸਿਰਫ਼ ਹਰ ਗੀਤ ਨੂੰ ਪੂਰੀ ਲਗਨ ਨਾਲ ਗਾਇਆ, ਸਗੋਂ ਉਸ ਵਿੱਚ ਪਰੋਏ ਸ਼ਬਦਾਂ ਨੂੰ ਬਣਦੇ ਅਹਿਸਾਸ ਵੀ ਬਖ਼ਸ਼ੇ ਹਨ। ਅੱਜ ਸੰਗੀਤ ਦੀ ਫਿਜ਼ਾ ਵਿੱਚ ਉਦਾਸੀ ਹੈ। ਆਸ਼ਾ ਭੌਸਲੇ ਦੀ ਆਵਾਜ਼ ਨੇ ਹਰ ਪੀੜ੍ਹੀ ਦੇ ਦਿਲ ਨੂੰ ਟੁੰਬਿਆ ਹੈ ਤੇ ਹਰ ਦਿਲ ਵਿਚਲੇ ਅਹਿਸਾਸ ਨੂੰ ਛੂਹਿਆ ਵੀ ਹੈ। ਗੀਤ ਭਾਵੇਂ ਦਿਲ ਦੀ ਉਦਾਸੀ ਦਾ ਹੋਵੇ, ਮਨ ਦੇ ਚਾਅ ਦਾ, ਪਿਆਰ ਦਾ, ਭਗਤੀ ਦਾ ਜਾਂ ਰਿਸ਼ਤਿਆਂ ਦੀ ਮਿਠਾਸ ਦਾ, ਆਸ਼ਾ ਦੀ ਆਵਾਜ਼ ਨੇ ਹਰ ਸ਼ਬਦ ਨਾਲ ਵਫ਼ਾ ਕਮਾਈ ਹੈ।
ਆਪਣੇ ਗੀਤਾਂ ਸਦਕਾ ਆਸ਼ਾ ਭੌਸਲੇ ਸਦਾ ਹੀ ਸਾਡੀਆਂ ਯਾਦਾਂ ਵਿੱਚ ਤਾਜ਼ਾ ਰਹਿਣਗੇ। 1986 ਵਿੱਚ ਫਿਲਮ ਇੰਸਟੀਚਿਊਟ ਪੁਣੇ ਵਿੱਚ ਪੜ੍ਹਾਈ ਦੌਰਾਨ ਪਹਿਲੀ ਵਾਰ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਮਗਰੋਂ ਵੀ ਕਈ ਵਾਰ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੀ ਹਰ ਮਿਲਣੀ ਮੈਨੂੰ ਸੰਗੀਤ ਬਾਰੇ ਕੁਝ ਨਵਾਂ ਤੇ ਅਣਮੁੱਲਾ ਦੱਸ ਜਾਂਦੀ। ਅੱਜ ਉਨ੍ਹਾਂ ਦੇ ਤੁਰ ਜਾਣ ਮਗਰੋਂ ਵੀ ਉਨ੍ਹਾਂ ਦੇ ਕਹੇ ਬੋਲ ਸਦਾ ਮੇਰੇ ਚੇਤਿਆਂ ਵਿੱਚ ਵਸੇ ਰਹਿਣਗੇ। ਆਸ਼ਾ ਭੌਸਲੇ ਦਾ ਜਨਮ 8 ਸਤੰਬਰ 1933 ਨੂੰ ਸਾਂਗਲੀ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੀ ਸੰਗੀਤ ਨਾਲ ਡੂੰਘੀ ਸਾਂਝ ਸੀ। ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਇੱਕ ਮਸ਼ਹੂਰ ਥੀਏਟਰ ਅਦਾਕਾਰ ਅਤੇ ਗਾਇਕ ਸਨ। ਉਨ੍ਹਾਂ ਦੀ ਮਾਂ ਸ਼ੇਵਾਂਤੀ ਗੁਜਰਾਤੀ ਪਰਿਵਾਰ ਦੀ ਧੀ ਸੀ। ਉਨ੍ਹਾਂ ਦੀ ਵੱਡੀ ਭੈਣ ਲਤਾ ਮੰਗੇਸ਼ਕਰ ਵੀ ਸੰਗੀਤ ਜਗਤ ਵਿੱਚ ਸੁਰਾਂ ਦੀ ਰਾਣੀ ਬਣੀ। ਜਦੋਂ ਆਸ਼ਾ ਭੌਸਲੇ 9 ਸਾਲਾਂ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਪਰਿਵਾਰ ਨੂੰ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਪਰਿਵਾਰ ਨਾਲ ਪਹਿਲਾਂ ਕੋਹਲਾਪੁਰ ਤੇ ਮਗਰੋਂ ਮੁੰਬਈ ਆ ਗਈ। ਇਥੇ ਦੋਵੇਂ ਭੈਣਾਂ ਨੇ ਪਰਿਵਾਰ ਲਈ ਵਿੱਤੀ ਸਹਾਰਾ ਬਣਦਿਆਂ ਫਿਲਮਾਂ ਦੇ ਗੀਤਾਂ ਲਈ ਗਾਉਣਾ ਸ਼ੁਰੂ ਕੀਤਾ। ਆਸ਼ਾ ਭੌਸਲੇ ਨੇ 1943 ਵਿੱਚ ਮਰਾਠੀ ਫਿਲਮ ‘ਮਾਝਾ ਬਾਲ’ ਲਈ ਗੀਤ ‘ਛਲਾ ਛਲਾ ਨਵ ਬਾਲਾ’ ਗਾਇਆ।
ਆਪਣੀ ਭੈਣ ਵਾਂਗ ਆਸ਼ਾ ਭੌਸਲੇ ਨੇ ਵੀ ਕੜੀ ਮਿਹਨਤ ਤੇ ਸੰਗੀਤ ਦੀ ਤਪੱਸਿਆ ਨਾਲ ਆਪਣੇ ਲਈ ਇੱਕ ਮਜ਼ਬੂਤ ਥਾਂ ਬਣਾਈ। ਆਸ਼ਾ ਭੌਸਲੇ ਦੀ ਆਵਾਜ਼ ਹਰ ਮੂਡ ਤੇ ਹਰ ਵੰਨਗੀ ਦੇ ਗੀਤਾਂ ਲਈ ਢੁੱਕਵੀਂ ਲਗਦੀ ਸੀ। ਉਨ੍ਹਾਂ ਫਿਲਮੀ ਗੀਤ, ਗਜ਼ਲਾਂ, ਭਜਨ, ਲੋਕ ਗੀਤ, ਪੌਪ ਤੇ ਡਿਸਕੋ ਸੰਗੀਤ ਵਿੱਚ ਵੀ ਆਪਣੀ ਡੂੰਘੀ ਛਾਪ ਛੱਡੀ ਤੇ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰ ਤੱਕ ਉੱਚਾ ਚੁੱਕਣ ਵਿੱਚ ਇਕ ਅਹਿਮ ਭੂਮਿਕਾ ਅਦਾ ਕੀਤੀ।
ਆਸ਼ਾ ਭੌਸਲੇ ਨੇ ਲਗਪਗ 950 ਤੋਂ ਵੱਧ ਫਿਲਮਾਂ ਲਈ ਗੀਤ ਗਾ ਕੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸਭ ਤੋਂ ਵੱਧ ਗੀਤ ਗਾਉਣ ਵਾਲੀ ਗਾਇਕਾ ਵਜੋਂ ਆਪਣਾ ਨਾਂਅ ਦਰਜ ਕਰਵਾਇਆ। ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਅਤੇ ਗੀਤਾਂ ਦੇ ਮੁਖੜੇ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਰੁਮਕਦੇ ਹਨ। ‘ਪੀਆ ਤੂ… ਅਬ ਤੋ ਆਜਾ’ (ਕਾਰਵਾਂ) ਦੀ ਆਕਰਸ਼ਕ ਆਵਾਜ਼ ਨੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ‘ਦਮ ਮਾਰੋ ਦਮ’ (ਹਰੇ ਰਾਮਾ ਹਰੇ ਕ੍ਰਿਸ਼ਨਾ) ਗੀਤ ਵਿੱਚ ਇੱਕ ਵੱਖਰੀ ਊਰਜਾ ਦਾ ਹੁਲਾਰਾ ਸੀ। ‘ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ’ (ਯਾਦੋਂ ਕੀ ਬਾਰਾਤ) ਰੁਮਾਂਟਿਕ ਗੀਤਾਂ ਵਿੱਚ ਸਭ ਤੋਂ ਵੱਧ ਪ੍ਰਚੱਲਿਤ ਰਿਹਾ ਗੀਤ ਹੈ। ਇਸ ਦੇ ਨਾਲ ਹੀ ‘ਇਨ ਆਂਖੋਂ ਕੀ ਮਸਤੀ ਕੇ’ ਅਤੇ ‘ਦਿਲ ਚੀਜ਼ ਕਿਆ ਹੈ’ (ਉਮਰਾਓ ਜਾਨ) ਗਾ ਕੇ ਉਨ੍ਹਾਂ ਗਜ਼ਲਾਂ ਨੂੰ ਵੀ ਇੱਕ ਨਵੀਂ ਜਾਨ ਬਖ਼ਸ਼ੀ। ‘ਯੇ ਮੇਰਾ ਦਿਲ’ (ਡੌਨ), ‘ਆਜਾ ਆਜਾ… ਮੈਂ ਹੂੰ ਪਿਆਰ ਤੇਰਾ’ (ਤੀਸਰੀ ਮੰਜ਼ਿਲ) ਅਤੇ ‘ਰਾਤ ਅਕੇਲੀ ਹੈ’ ਵਰਗੇ ਗੀਤ ਅੱਜ ਵੀ ਪਾਰਟੀਆਂ ਤੇ ਜਸ਼ਨਾਂ ਨੂੰ ਜੀਵੰਤ ਬਣਾਉਾਂਦੇਹਨ। ਉਨ੍ਹਾਂ ਨੇ ਓ ਪੀ ਨਈਅਰ, ਐੱਸ ਡੀ ਬਰਮਨ, ਆਰ ਡੀ ਬਰਮਨ, ਖਯਾਮ ਅਤੇ ਬੱਪੀ ਲਾਹਿਰੀ ਵਰਗੇ ਮਹਾਨ ਸੰਗੀਤਕਾਰਾਂ ਨਾਲ ਕੰਮ ਕੀਤਾ ਅਤੇ ਹਰ ਇੱਕ ਨਾਲ ਗੀਤਾਂ ਦਾ ਇੱਕ ਵਿਲੱਖਣ ਰੰਗ ਪੇਸ਼ ਕੀਤਾ। ਆਸ਼ਾ ਭੌਸਲੇ ਨੇ ਆਪਣੀ ਸਖ਼ਤ ਮਿਹਨਤ ਨਾਲ ਜੀਵਨ ਦੇ ਸੰਘਰਸ਼ ਵਿੱਚੋਂ ਉਪਲੱਬਧੀਆਂ ਦਾ ਰਾਹ ਬਣਾਇਆ। ਉਨ੍ਹਾਂ ਨੂੰ ਕਈ ਫ਼ਿਲਮਫੇਅਰ ਐਵਾਰਡ, ਨੈਸ਼ਨਲ ਫਿਲਮ ਐਵਾਰਡਜ਼ 2008 ’ਚ ਪਦਮ ਵਿਭੂਸ਼ਣ ਅਤੇ 2000 ’ਚ ਦਾਦਾ ਸਾਹਿਬ ਫਾਲਕੇ ਐਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਵਿਦਾਈ ਨਾਲ ਭਾਰਤੀ ਸੁਰ ਸੰਗੀਤ ਤੇ ਫ਼ਿਲਮੀ ਦੁਨੀਆ ਦੀ ਇੱਕ ਦਮਦਾਰ ਆਵਾਜ਼ ਸਦਾ ਲਈ ਖ਼ਾਮੋਸ਼ ਹੋ ਗਈ ਹੈ ਪਰ ਉਨ੍ਹਾਂ ਦੀ ਵਿਰਾਸਤ ਸਦਾ ਅਮਰ ਰਹੇਗੀ। ਆਸ਼ਾ ਤਾਈ ਦੀ ਆਵਾਜ਼ ਆਉਣ ਵਾਲੇ ਲੰਬੇ ਸਮੇਂ ਤੱਕ ਸਾਡੇ ਚੇਤਿਆਂ ਵਿੱਚ ਇਸੇ ਤਰ੍ਹਾਂ ਗੂੰਜਦੀ ਰਹੇਗੀ।
ਆਸ਼ਾ ਭੌਸਲੇ ਦੀ ਸ਼ਖ਼ਸੀਅਤ ਐਸੀ ਸੀ ਕਿ ਉਨ੍ਹਾਂ ਨਾਲ ਬਿਤਾਏ ਕੁਝ ਪਲ ਵੀ ਤੁਹਾਨੂੰ ਉਨ੍ਹਾਂ ਦੀ ਡੂੰਘੀ ਤੇ ਗੰਭੀਰ ਸੋਚ ਨਾਲ ਵਾਕਫ਼ ਕਰਵਾਉਂਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਵਿੱਚ ਹਾਲੇ ਵੀ ਉਹੀ ਚਹਿਕ ਸੀ, ਜੋ ਅਣਭੋਲ ਉਮਰ ਦੇ ਬੱਚਿਆਂ ਵਿੱਚ ਹੁੰਦੀ ਹੈ। ਉਨ੍ਹਾਂ ਦੀ ਆਵਾਜ਼ ਜਿੰਨੀ ਮਿੱਠੀ ਸੀ ਸੁਭਾਅ ਓਨਾ ਹੀ ਮਿਲਾਪੜਾ। ਐਸੀ ਸ਼ਖ਼ਸੀਅਤ ਦਾ ਇਸ ਜਹਾਨ ਤੋਂ ਰੁਖ਼ਸਤ ਹੋਣਾ ਸਰੋਤਿਆਂ ਲਈ ਅਸਿਹ ਦੁੱਖ ਵਾਲਾ ਅਨੁਭਵ ਹੈ। ਫਿਰ ਵੀ ਆਸ਼ਾ ਤਾਈ ਸਦਾ ਹੀ ਸਾਡੀਆਂ ਯਾਦਾਂ ਵਿੱਚ ਜਿਊਂਦੀ ਰਹੇਗੀ।

Loading