ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨਾਲ ਬਣਾਇਆ ਗਿਆ ਸੀ ਤੇ ਜਿਸ ਨੂੰ ਬਾਦਲ ਪਰਿਵਾਰ ਵਾਲੇ ਅਕਾਲੀ ਦਲ ਦੇ ਬਦਲ ਵਜੋਂ ਵੇਖਿਆ ਜਾਂਦਾ ਸੀ, ਅੱਜ ਕੱਲ੍ਹ ਆਪਣੇ ਆਪ ਨੂੰ ਸੰਕਟ ਵਿੱਚ ਘਿਰਿਆ ਮਹਿਸੂਸ ਕਰ ਰਹੀ ਹੈ। ਪਾਰਟੀ ਨੂੰ ਲੱਗ ਰਹੇ ਲਗਾਤਾਰ ਝਟਕਿਆਂ ਕਰਕੇ ਇਹ ਸਵਾਲ ਉੱਠ ਰਹੇ ਹਨ ਕਿ ਇਹ ਨਿਘਾਰ ਵੱਲ ਕਿਉਂ ਜਾ ਰਹੀ ਹੈ?
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗੇ ਤਾਜ਼ਾ ਝਟਕੇ ਨਾਲ ਗੱਲ ਸ਼ੁਰੂ ਕਰੀਏ।ਸਭ ਤੋਂ ਪਹਿਲਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਤੋਂ ਦੂਰੀ ਬਣਾਈ ਤੇ ਹੁਣ ਮੁੱਖ ਬੁਲਾਰੇ ਚਰਨਜੀਤ ਬਰਾੜ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਚੁਕੇ ਹਨ। ਬਰਾੜ ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਮਚ ਗਈ ਹੈ। ਬਰਾੜ ਨੇ ਅਕਾਲੀ ਦਲ ਪੁਨਰ ਸੁਰਜੀਤ ਨੂੰ ਦਿੱਤੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਉਹ ਭਰੇ ਮਨ ਨਾਲ ਅਸਤੀਫ਼ਾ ਦੇ ਰਹੇ ਹਨ ਕਿਉਂਕਿ ਪਾਰਟੀ ਸਿਧਾਂਤਾਂ ਉੱਤੇ ਪਹਿਰਾ ਨਹੀਂ ਦੇ ਰਹੀ ਤੇ ਲੋਕ ਮੁੱਦਿਆਂ ਉੱਤੇ ਸੰਘਰਸ਼ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ 11 ਅਗਸਤ ਨੂੰ ਪ੍ਰਧਾਨ ਚੋਣ ਤੋਂ ਬਾਅਦ ਪੰਜ ਮਹੀਨੇ ਵਿੱਚ ਪਾਰਟੀ ਨੇ ਕਿਸੇ ਵੀ ਮੁੱਦੇ ਉੱਤੇ ਧਰਤੀ ਉੱਤੇ ਲੜਾਈ ਨਹੀਂ ਲੜੀ ਤੇ ਨਾ ਹੀ ਕੋਈ ਠੋਸ ਪ੍ਰੋਗਰਾਮ ਦਿੱਤਾ। ਇਸ ਕਰਕੇ ਵਰਕਰਾਂ ਦਾ ਮਨੋਬਲ ਟੁੱਟ ਚੁੱਕਾ ਹੈ।
ਬਰਾੜ ਨੇ ਅਸਤੀਫ਼ੇ ਵਿੱਚ ਇਹ ਵੀ ਲਿਖਿਆ ਕਿ ਉਹਨਾਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਰਾਹੀਂ ਬਹੁਤ ਮਿਹਨਤ ਨਾਲ ਭਰਤੀ ਕੀਤੀ ਸੀ, ਖਾਸ ਕਰ ਮਾਲਵੇ ਵਿੱਚ ਬਾਦਲ ਪਰਿਵਾਰ ਦੇ ਦਬਾਅ ਹੋਣ ਦੇ ਬਾਵਜੂਦ। ਪਰ ਹੁਣ ਪਾਰਟੀ ਨਵੀਂ ਲੀਡਰਸ਼ਿਪ ਨਾਲ ਪੰਥ ਤੇ ਪੰਜਾਬ ਪ੍ਰਸਤ ਨਹੀਂ ਬਣ ਸਕੀ। ਉਹਨਾਂ ਨੇ ਉਮੀਦ ਜਤਾਈ ਕਿ ਲੀਡਰਸ਼ਿਪ ਸੁਧਾਰ ਕਰ ਲਵੇ ਤਾਂ ਪਾਰਟੀ ਕਾਮਯਾਬ ਹੋ ਸਕਦੀ ਹੈ।
ਇਸ ਅਸਤੀਫ਼ੇ ਨੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਸਿਆਸੀ ਹਲਕੇ ਇਸ ਨੂੰ ਪਾਰਟੀ ਦੀ ਅੰਦਰੂਨੀ ਕਮਜ਼ੋਰੀ ਵਜੋਂ ਵੇਖ ਰਹੇ ਹਨ।
ਮਨਪ੍ਰੀਤ ਸਿੰਘ ਇਆਲੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ ਤੇ ਕਮੇਟੀ ਵਿੱਚ ਵੀ ਸਨ। ਪਰ ਉਹਨਾਂ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਅਦ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਨਹੀਂ ਹਨ। ਬਾਅਦ ਵਿੱਚ ਸਪੱਸ਼ਟੀਕਰਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਭਰਤੀ ਕਰਨ ਦੀ ਡਿਊਟੀ ਲਾਈ ਸੀ ਤੇ ਉਹ ਪੰਥਕ ਧਿਰਾਂ ਨੂੰ ਇਕੱਠੇ ਕਰਨ ਲਈ ਯਤਨਸ਼ੀਲ ਹਨ। ਇਆਲੀ ਨੇ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਨਾਲ ਕੋਈ ਮੱਤਭੇਦ ਨਹੀਂ ਹੈ ਪਰ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਐਕਟਿਵ ਨਹੀਂ ਹਨ। ਪਰ ਸੁਆਲ ਇਹ ਹੈ ਕਿ ਇਆਲੀ ਦਾ ਰੁਝਾਨ ਅਕਾਲੀ ਦਲ ਵਾਰਿਸ ਪੰਜਾਬ ਵੱਲ ਕਿਉਂ ਹੈ?
ਮਾਘੀ ਮੇਲੇ ਮੌਕੇ ਉਹਨਾਂ ਨੇ ਵਾਰਿਸ ਪੰਜਾਬ ਦੀ ਸਟੇਜ ਤੋਂ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਅਕਾਲੀ ਦਲ ਪੁਨਰ ਸੁਰਜੀਤ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਵਾਰਿਸ ਪੰਜਾਬ ਨੂੰ ਸਮਰਥਨ ਵੀ ਦਿੱਤਾ ਸੀ। ਮਾਹਿਰਾਂ ਮੁਤਾਬਕ ਇਆਲੀ ਪੰਥਕ ਏਕਤਾ ਲਈ ਕੰਮ ਕਰ ਰਹੇ ਹਨ ਤੇ ਵਾਰਿਸ ਪੰਜਾਬ ਨੂੰ ਪੰਥਕ ਧਿਰ ਵਜੋਂ ਵੇਖਦੇ ਹਨ ਜੋ ਨੌਜਵਾਨਾਂ ਵਿੱਚ ਪ੍ਰਸਿੱਧ ਹੈ। ਇਆਲੀ ਨੂੰ ਲੱਗਦਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਅਜੇ ਤੱਕ ਮਜ਼ਬੂਤ ਨਹੀਂ ਬਣਿਆ ਤੇ ਵਾਰਿਸ ਪੰਜਾਬ ਵਰਗੀਆਂ ਧਿਰਾਂ ਨਾਲ ਮਿਲ ਕੇ ਪੰਥ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਹ ਰੁਝਾਨ ਪੁਨਰ ਸੁਰਜੀਤ ਲਈ ਚਿੰਤਾ ਦੀ ਗੱਲ ਹੈ, ਕਿਉਂਕਿ ਇਹ ਪੰਥਕ ਵੋਟਾਂ ਨੂੰ ਵੰਡ ਸਕਦਾ ਹੈ।
ਸਿਆਸੀ ਮਾਹਿਰਾਂ ਨੇ ਵੀ ਪਾਰਟੀ ਦੀ ਹਾਲਤ ਬਾਰੇ ਚਿੰਤਾ ਜਤਾਈ ਹੈ। ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਕੋਈ ਸਿਆਸੀ ਜਾਂ ਸਮਾਜਿਕ ਸਰਗਰਮੀ ਨਹੀਂ ਕੀਤੀ ਤੇ ਕੋਈ ਮੁੱਦਾ ਨਹੀਂ ਉਠਾਇਆ। ਉਹਨਾਂ ਨੇ ਕਿਹਾ ਕਿ ਪਾਰਟੀ ਨੇ ਵਿਜ਼ਨ ਪੇਪਰ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਨਹੀਂ ਆਇਆ। ਆਗੂਆਂ ਵਿੱਚ ਤਾਲਮੇਲ ਨਹੀਂ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਇਹ ਅਜਿਹਾ ਜਹਾਜ਼ ਹੈ ਜਿਸ ਦੀ ਮੰਜ਼ਿਲ ਨਹੀਂ ਹੈ। ਪਾਰਟੀ ਨੇ ਜਥੇਬੰਦਕ ਢਾਂਚਾ ਨਹੀਂ ਖੜ੍ਹਾ ਕੀਤਾ ਤੇ ਏਜੰਡਾ ਸਾਂਝਾ ਨਹੀਂ ਕੀਤਾ। ਸਿਆਸੀ ਆਗੂ ਬਣਨ ਲਈ ਲੋਕਾਂ ਵਿੱਚ ਜਾਣਾ ਪੈਂਦਾ ਹੈ ਪਰ ਪਾਰਟੀ ਅਜੇ ਤੱਕ ਲੋਕਾਂ ਵਿੱਚ ਨਹੀਂ ਵਿਚਰੀ। ਇਹਨਾਂ ਵਿਚਾਰਾਂ ਤੋਂ ਸਾਫ਼ ਹੈ ਕਿ ਪਾਰਟੀ ਨੂੰ ਸਰਗਰਮੀਆਂ ਦੀ ਘਾਟ ਤੇ ਮੁੱਦੇ ਨਾ ਚੁੱਕਣ ਕਰਕੇ ਨੁਕਸਾਨ ਹੋ ਰਿਹਾ ਹੈ। ਪੰਜਾਬ ਵਿੱਚ ਨਸ਼ੇ, ਬੇਰੁਜ਼ਗਾਰੀ, ਕਿਸਾਨ ਮੁੱਦੇ ਵਰਗੇ ਵੱਡੇ ਮਸਲੇ ਹਨ ਪਰ ਪਾਰਟੀ ਨੇ ਇਨ੍ਹਾਂ ਉੱਤੇ ਕੋਈ ਵੱਡੀ ਲਹਿਰ ਨਹੀਂ ਚਲਾਈ।
ਅਕਾਲੀ ਦਲ ਪੁਨਰ ਸੁਰਜੀਤ ਆਗੂ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਪਾਰਟੀ ਨੂੰ ਸਰਗਰਮੀਆਂ ਕਰਨੀਆਂ ਪੈਣਗੀਆਂ ਤੇ ਅਸੀਂ ਕਰਾਂਗੇ ਵੀ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਾਰੀਆਂ ਸਰਗਰਮੀਆਂ ਦੀ ਯੋਜਨਾ ਉਲੀਕੀ ਹੈ ਤੇ ਹੌਲੀ-ਹੌਲੀ ਕਰ ਰਹੇ ਹਾਂ। ਬਰਾੜ ਦੇ ਇਲਜ਼ਾਮਾਂ ਬਾਰੇ ਉਹਨਾਂ ਨੇ ਕਿਹਾ ਕਿ ਦੋ-ਤਿੰਨ ਮਹੀਨੇ ਸਰਗਰਮੀ ਘੱਟ ਹੋਣ ਨੂੰ ਕੋਈ ਸਰਗਰਮੀ ਨਾ ਹੋਣਾ ਨਹੀਂ ਕਿਹਾ ਜਾ ਸਕਦਾ। ਜੇ ਬਰਾੜ ਭਾਜਪਾ ਵਿੱਚ ਜਾਣਾ ਚਾਹੁੰਦੇ ਸਨ ਤਾਂ ਇਤਰਾਜ਼ ਨਹੀਂ ਪਰ ਪਾਰਟੀ ਉੱਤੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਸਨ। ਇਆਲੀ ਬਾਰੇ ਉਹਨਾਂ ਨੇ ਕਿਹਾ ਕਿ ਉਹ ਮੀਟਿੰਗਾਂ ਵਿੱਚ ਹਿੱਸਾ ਲੈ ਰਹੇ ਹਨ ਤੇ ਪਿਛਲੀਆਂ ਦੋ ਮੀਟਿੰਗਾਂ ਵਿੱਚ ਮੌਜੂਦ ਸਨ। ਉਹਨਾਂ ਨੇ ਦੂਰੀ ਨਹੀਂ ਬਣਾਈ ਬਲਕਿ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈ ਰਹੇ। ਇਹ ਜਵਾਬ ਦੱਸਦੇ ਹਨ ਕਿ ਪਾਰਟੀ ਅੰਦਰੂਨੀ ਮੱਤਭੇਦਾਂ ਨੂੰ ਨਕਾਰ ਰਹੀ ਹੈ ਪਰ ਬਾਹਰੀ ਨਜ਼ਰ ਵਿੱਚ ਇਹ ਕਮਜ਼ੋਰੀਆਂ ਸਾਫ਼ ਨਜ਼ਰ ਆ ਰਹੀਆਂ ਹਨ।
ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਨੂੰ ਕੀ ਉਪਰਾਲੇ ਕਰਨ ਦੀ ਲੋੜ ਹੈ ਤੇ ਕਿਉਂ?
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪਾਰਟੀ ਨੂੰ ਜਥੇਬੰਦਕ ਢਾਂਚਾ ਖੜ੍ਹਾ ਕਰਨਾ ਚਾਹੀਦਾ ਹੈ। ਬਿਨਾਂ ਢਾਂਚੇ ਦੇ ਪਾਰਟੀ ਨਹੀਂ ਚੱਲ ਸਕਦੀ। ਮਾਹਿਰਾਂ ਮੁਤਾਬਕ ਪਾਰਟੀ ਨੂੰ ਆਪਣੇ ਏਜੰਡੇ ਸਾਂਝੇ ਕਰਨੇ ਚਾਹੀਦੇ ਹਨ ਤੇ ਲੋਕਾਂ ਵਿੱਚ ਜਾ ਕੇ ਮੁੱਦੇ ਚੁੱਕਣੇ ਚਾਹੀਦੇ ਹਨ। ਵਿਜ਼ਨ ਪੇਪਰ ਜਲਦੀ ਲਿਆਉਣਾ ਚਾਹੀਦਾ ਹੈ ਜਿਸ ਵਿੱਚ ਪੰਜਾਬ ਦੇ ਵਿਕਾਸ, ਪੰਥਕ ਏਕਤਾ, ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ ਦੇ ਮਸਲੇ ਤੇ ਨਸ਼ੇ ਵਿਰੋਧੀ ਯੋਜਨਾਵਾਂ ਹੋਣ। ਪਾਰਟੀ ਨੂੰ ਸਰਗਰਮੀਆਂ ਵਧਾਉਣੀਆਂ ਚਾਹੀਦੀਆਂ ਹਨ ਜਿਵੇਂ ਰੈਲੀਆਂ, ਧਰਨੇ ਤੇ ਸਮਾਜਿਕ ਪ੍ਰੋਗਰਾਮ। ਇਹ ਉਪਰਾਲੇ ਇਸ ਲਈ ਜ਼ਰੂਰੀ ਹਨ ,ਕਿਉਂਕਿ ਪੰਜਾਬ ਵਿੱਚ ਅਗਲੀਆਂ ਚੋਣਾਂ ਨੇੜੇ ਹਨ ਤੇ ਪਾਰਟੀ ਨੂੰ ਆਪਣੀ ਹੋਂਦ ਬਚਾਉਣ ਲਈ ਮਜ਼ਬੂਤ ਹੋਣਾ ਪਵੇਗਾ। ਜੇ ਅਜਿਹਾ ਨਾ ਹੋਇਆ ਤਾਂ ਵਰਕਰ ਵਧੇਰੇ ਨਿਰਾਸ਼ ਹੋ ਜਾਣਗੇ ਤੇ ਪਾਰਟੀ ਹੋਰ ਕਮਜ਼ੋਰ ਹੋ ਜਾਵੇਗੀ। ਪੰਥਕ ਧਿਰਾਂ ਨੂੰ ਇਕੱਠੇ ਕਰਨ ਲਈ ਵੀ ਯਤਨ ਵਧਾਉਣੇ ਚਾਹੀਦੇ ਹਨ ਤਾਂ ਜੋ ਵੋਟ ਨਾ ਵੰਡੇ ਜਾਣ। ਅਕਾਲੀ ਦਲ ਪੁਨਰ ਸੁਰਜੀਤ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਪਵੇਗਾ। ਜੇ ਉਹ ਸਿਆਸੀ ਸਰਗਰਮੀਆਂ ਵਧਾਏ ਤੇ ਲੋਕ ਮੁੱਦੇ ਚੁੱਕੇ ਤਾਂ ਪੰਥਕ ਵੋਟਾਂ ਨੂੰ ਇਕੱਠਾ ਕਰ ਸਕਦੀ ਹੈ।
![]()
