ਅਮਰੀਕਾ ਦੇ ਟੈਕਸਾਸ ’ਚ ਹੜ੍ਹਾਂ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ

In ਅਮਰੀਕਾ
July 08, 2025

ਟੈਕਸਾਸ/ਏ.ਟੀ.ਨਿਊਜ਼ : ਅਮਰੀਕਾ ਦੇ ਟੈਕਸਾਸ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚ ਕੈਂਪ ਵਿੱਚ ਗਈਆਂ ਕੁੜੀਆਂ ਵੀ ਸ਼ਾਮਲ ਹਨ। ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਬਚਾਅ ਕਾਰਜ ਚਲਾ ਰਿਹਾ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਸ ਹਫ਼ਤੇ ਦੇ ਅੰਤ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਸਕਦੇ ਹਨ। ਹਾਲਾਂਕਿ, ਟਰੰਪ ਦੇ ਦੌਰੇ ਬਾਰੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।
ਕੇਰ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ, ਬੁਰੀ ਤਰ੍ਹਾਂ ਪ੍ਰਭਾਵਿਤ ਕੇਰ ਕਾਉਂਟੀ ਵਿੱਚ ਜਿੱਥੇ ਕੈਂਪ ਮਿਸਟਿਕ ਅਤੇ ਕਈ ਹੋਰ ਗਰਮੀਆਂ ਦੇ ਕੈਂਪ ਸਥਿਤ ਹਨ, ਖੋਜਕਰਤਾਵਾਂ ਨੂੰ 28 ਬੱਚਿਆਂ ਸਮੇਤ 84 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕੇਂਦਰੀ ਟੈਕਸਾਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਘੱਟੋ-ਘੱਟ 104 ਹੋ ਗਈ ਹੈ।
ਇੱਕ ਰਿਪੋਰਟ ਅਨੁਸਾਰ, ਐਮਰਜੈਂਸੀ ਟੀਮਾਂ ਕਈ ਕਾਉਂਟੀਆਂ ਵਿੱਚ ਲਾਪਤਾ ਲੋਕਾਂ ਨੂੰ ਲੱਭਣ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਿਵੇਂ-ਜਿਵੇਂ ਹੋਰ ਖੇਤਰਾਂ ਵਿੱਚ ਪਹੁੰਚਿਆ ਜਾਂਦਾ ਹੈ ਅਤੇ ਖੋਜ ਕਾਰਜ ਜਾਰੀ ਰਹਿੰਦਾ ਹੈ, ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਸਥਾਨਕ ਅਤੇ ਸੰਘੀ ਮੌਸਮ ਸੇਵਾਵਾਂ ਨੇ ਹੜ੍ਹ ਤੋਂ ਪਹਿਲਾਂ ਕੇਰ ਕਾਉਂਟੀ ਭਾਈਚਾਰੇ ਨੂੰ ਲੋੜੀਂਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫ਼ਤੇ ਦੇ ਅੰਤ ਵਿੱਚ ਟੈਕਸਾਸ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ੁੱਕਰਵਾਰ ਨੂੰ ਦੌਰੇ ’ਤੇ ਜਾ ਸਕਦੇ ਹਨ, ਪਰ ਇਸ ਸਬੰਧ ਵਿੱਚ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਵਰਤਾਰਾ ਹੈ। ਇਹ ਪ੍ਰਸ਼ਾਸਨ ਦੀ ਗਲਤੀ ਨਹੀਂ ਹੈ ਕਿ ਉਸ ਸਮੇਂ ਹੜ੍ਹ ਆਇਆ, ਪਰ ਲਗਾਤਾਰ ਚਿਤਾਵਨੀਆਂ ਪਹਿਲਾਂ ਹੀ ਦਿੱਤੀਆਂ ਗਈਆਂ ਸਨ ਅਤੇ ਫਿਰ ਰਾਸ਼ਟਰੀ ਮੌਸਮ ਸੇਵਾ ਨੇ ਆਪਣਾ ਕੰਮ ਕੀਤਾ।
45 ਮਿੰਟਾਂ ’ਚ 26 ਫੁੱਟ ਵਧਿਆ ਪਾਣੀ ਦਾ ਪੱਧਰ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਗੁਆਡਾਲੁਪ ਨਦੀ ਦਾ ਪਾਣੀ ਦਾ ਪੱਧਰ ਸਿਰਫ਼ 45 ਮਿੰਟਾਂ ਵਿੱਚ 26 ਫੁੱਟ (ਲਗਭਗ 8 ਮੀਟਰ) ਵੱਧ ਗਿਆ, ਜਿਸ ਨਾਲ ਟੈਕਸਾਸ ਹਿੱਲ ਕੰਟਰੀ ਖੇਤਰ ਵਿੱਚ ਭਾਰੀ ਤਬਾਹੀ ਮਚੀ। ਸਥਾਨਕ ਅਧਿਕਾਰੀਆਂ ਅਨੁਸਾਰ, ਕਾਰ ਕਾਉਂਟੀ ਵਿੱਚ ਘੱਟੋ-ਘੱਟ 68 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 28 ਬੱਚੇ ਸ਼ਾਮਲ ਹਨ। ਟ੍ਰੈਵਿਸ, ਬਰਨੇਟ, ਕੇਂਡਲ, ਵਿਲੀਅਮਸਨ ਅਤੇ ਟੌਮ ਗ੍ਰੀਨ ਵਰਗੀਆਂ ਹੋਰ ਕਾਉਂਟੀਆਂ ਵਿੱਚ ਵੀ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 100 ਤੋਂ ਵੱਧ ਹੋ ਗਈ।

Loading