‘ਵੀਰ ਬਾਲ ਦਿਵਸ’ ਦਾ ਨਾਂਅ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਕੀਤਾ ਜਾਵੇ

In ਪੰਜਾਬ
December 23, 2025

ਦਸਵੇਂ ਪਾਤਸ਼ਾਹ ਜੀ ਨੇ ਛੇ ਤੇ ਸੱਤ ਪੋਹ ਦੀ ਵਿਚਕਾਰਲੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਸਰਸਾ ਨਦੀ ਦੇ ਕੰਢੇ ਉੱਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਥੇ ਅੱਜ ਸਿੱਖਾਂ ਦਾ ਬਹੁਤ ਹੀ ਇਤਿਹਾਸਕ ਤੇ ਮੁਕੱਦਸ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਿਤ ਹੈ।
ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਸਮੇਸ਼ ਪਿਤਾ ਤੇ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜ੍ਹੀ ਪਹੁੰਚ ਗਏ। ਲੱਖਾਂ ਦੀ ਫ਼ੌਜ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਅਤੇ ਸਮਰਪਣ ਕਰਨ ਲਈ ਆਖਿਆ। ਗੁਰੂ ਸਾਹਿਬ ਜੀ ਨੇ ਤੀਰਾਂ ਦੀ ਵਰਖਾ ਨਾਲ ਜਵਾਬ ਦਿੱਤਾ, ਇੱਥੇ ਗਹਿਗੱਚ ਜੰਗ ਹੋਈ। ਪੰਜ-ਪੰਜ ਸਿੰਘਾਂ ਦੇ ਜਥੇ ਗੁਰੂ ਪਿਤਾ ਤੋਂ ਆਗਿਆ ਪਾ ਕੇ ਬਾਹਰ ਨਿਕਲਦੇ ਅਤੇ ਧਾੜਵੀ ਫ਼ੌਜਾਂ ਨਾਲ ਜੂਝਦਿਆਂ ਸ਼ਹੀਦ ਹੋਏ। ਇੱਥੇ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਗੁਰੂ ਪਿਤਾ ਦੀ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਉਤਰੇ ਅਤੇ ਫ਼ੌਜ ਨਾਲ ਲੜਦਿਆਂ ਤੇ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦ ਹੋਏ। ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉਹ ਮੁਕੱਦਸ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਜੈਕਾਰਾ ਲਗਾਇਆ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਚਮਕੌਰ ਦੀ ਗੜ੍ਹੀ ਦੀ ਜੰਗ ਇੱਕ ਮਿਸਾਲ ਹੈ, ਜੋ ਸਦੀਵ ਕਾਲ ਲਈ ਸਿੱਖਾਂ ਨੂੰ ਇਹ ਸੇਧ ਦਿੰਦੀ ਰਹੇਗੀ ਕਿ ਦੁਸ਼ਮਣ ਭਾਵੇਂ ਕਿੰਨਾ ਵੀ ਵੱਡਾ ਹੋਵੇ ਅਤੇ ਉਸ ਕੋਲ ਭਾਵੇਂ ਕਿੰਨੀ ਵੀ ਵੱਡੀ ਤਾਕਤ ਹੋਵੇ, ਅਸੀਂ ਗੁਰੂ ਦਾ ਥਾਪੜਾ ਪਾ ਕੇ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਾਂ। ਇਹ ਚਮਕੌਰ ਦੀ ਗੜ੍ਹੀ ਦੀ ਹੀ ਪ੍ਰੇਰਨਾ ਸੀ ਕਿ ਅਗਾਂਹ ਚੱਲ ਕੇ ਸਾਰਾਗੜ੍ਹੀ ਦੀ ਜੰਗ ਵਿੱਚ 21 ਸਿੱਖ ਹਜ਼ਾਰਾਂ ਪਠਾਣਾਂ ਦੇ ਨਾਲ ਲੜੇ। ਗੁਰਦੁਆਰਾ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਦੀ ਧਰਤੀ ਸੰਬੰਧੀ ਜੋਗੀ ਅੱਲ੍ਹਾ ਯਾਰ ਖਾਨ ਦੀ ਲਿਖਤ ‘ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’ ਦਰਸਾਉਂਦੀ ਹੈ ਕਿ ਚਮਕੌਰ ਦੀ ਗੜ੍ਹੀ ਦਾ ਸਾਕਾ ਲਾਸਾਨੀ ਹੈ।
ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ -ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਵੀ ਬਹੁਤ ਅਦੁੱਤੀ ਹੈ, ਜੋ ਨੌਂ ਤੇ ਸੱਤ ਸਾਲਾਂ ਦੀ ਛੋਟੀ ਉਮਰ ਵਿੱਚ ਸਰਹਿੰਦ ਦੇ ਸੂਬਾ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਦਿੱਤੇ ਗਏ ਡਰਾਵਿਆਂ ਤੇ ਲਾਲਚਾਂ ਦੇ ਬਾਵਜੂਦ ਵੀ ਸਿੱਖੀ ਵਿੱਚ ਅਡੋਲ ਤੇ ਪਰਪੱਕ ਰਹੇ। ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਦੇ ਅੰਦਰ ਗੁਰੂ ਦੀਆਂ ਸਾਖੀਆਂ ਦੇ ਨਾਲ ਜੋੜ ਕੇ ਉਨ੍ਹਾਂ ਨੂੰ ਹੋਰ ਤਕੜਾ ਕੀਤਾ। ਜਿੱਥੇ ਭਾਈ ਮੋਤੀ ਰਾਮ ਮਹਿਰਾ ਦਾ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣਾ ਸੇਵਾ ਦਾ ਸਿਖਰ ਹੈ ਤਾਂ ਉੱਥੇ ਹੀ ਦੀਵਾਨ ਸੁੱਚਾ ਨੰਦ ਵਲੋਂ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਕਹਿਣਾ ਅਕ੍ਰਿਤਘਣਤਾ ਦੀ ਸਿਖਰ ਹੈ। ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵੱਲੋਂ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਾਰੇ ਹਾਅ ਦੇ ਨਾਅਰੇ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਜੱਲਾਦ ਸਾਸਲ ਬੇਗ ਤੇ ਬਾਸਲ ਬੇਗ ਵਲੋਂ ਸਾਹਿਜ਼ਾਦਿਆਂ ਦੀ ਜਿਊਂਦਿਆਂ ਨੀਂਹਾਂ ਵਿੱਚ ਚਿਣ ਕੇ ਕੀਤੀ ਗਈ ਸ਼ਹਾਦਤ ਸਿੱਖਾਂ ਲਈ ਸਦੀਵ ਕਾਲ ਵਾਸਤੇ ਪ੍ਰੇਰਨਾ ਸਰੋਤ ਹੈ। ਸਾਹਿਬਜ਼ਾਦਿਆਂ ਦੀਆਂ ਪਾਈਆਂ ਪੈੜਾਂ – ਹਮਰੇ ਬੰਸ ਰੀਤ ਇਮ ਪਾਈ ਸੀਸ ਦੇਤ ਪਰ ਧਰਮ ਨਾ ਜਾਈ। – ਅੱਜ ਵੀ ਸਾਨੂੰ ਸਿੱਖੀ ਵਿੱਚ ਪਰਪੱਕ ਰਹਿਣ ਦੀ ਸਿੱਖਿਆ ਦਿੰਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹਰਾਉਣ ਤੋਂ ਬਾਅਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਥਾਂ ਦਾ ਨਾਂਅ ਸ੍ਰੀ ਫ਼ਤਹਿਗੜ੍ਹ ਸਾਹਿਬ ਰੱਖ ਕੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਪੈਗ਼ਾਮ ਦਿੱਤਾ। ਅੱਜ ਵੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਕੌਮ ਵਿੱਚ ਚੜ੍ਹਦੀ ਕਲਾ, ਸਿੱਖੀ ਤੇ ਗੁਰੂ ਪ੍ਰਤੀ ਸਮਰਪਣ ਭਾਵ ਨੂੰ ਦਰਸਾਉਂਦੀਆਂ ਹਨ, ਜਾਬਰ ਤੇ ਜਰਵਾਣਿਆਂ ਨੂੰ ਲਲਕਾਰਦੀਆਂ ਹਨ।
ਪਹਿਲੇ ਸਮਿਆਂ ਵਿੱਚ ਬਜ਼ੁਰਗ ਸਿੱਖ ਤੇ ਮਾਪੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਇਨ੍ਹਾਂ ਦਿਨਾਂ ਵਿੱਚ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ, ਗੁਰੂ ਸਾਹਿਬ ਜੀ ਦੇ ਪਰਿਵਾਰ ਵਿਛੋੜੇ ਤੇ ਗੰਗੂ ਦੀ ਗ਼ਦਾਰੀ ਦੀਆਂ ਸਾਖੀਆਂ ਸੁਣਾ ਕੇ ਇਤਿਹਾਸ ਨਾਲ ਜੋੜਦੇ ਸਨ। ਸਿੱਖੀ ਅੰਦਰ ਸਾਖੀ ਸੁਣਾਉਣ ਦੀ ਪਰੰਪਰਾ ਹੈ ਅਤੇ ਜਿਵੇਂ ਮੌਜੂਦਾ ਤਕਨਾਲੋਜੀ ਦੇ ਦੌਰ ਵਿੱਚ ਰੀਲਾਂ ਨੂੰ ਪ੍ਰਚਲਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਇਹ ਸਿੱਖੀ ਸਿਧਾਂਤ ਨਹੀਂ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਪ੍ਰੇਰਨਾ ਲੈ ਕੇ ਪਰਪੱਕ ਹੋ ਸਕਣ।
ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖ ਤਵਾਰੀਖ ਦੇ ਅੰਦਰ ਬਾਬੇ ਆਖਿਆ ਜਾਂਦਾ ਹੈ, ਇਸ ਕਰਕੇ ਸਾਲ 2022 ਤੋਂ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਦੇਸ਼ ਭਰ ਅੰਦਰ ਯਾਦ ਕਰਨਾ ਸਿੱਖ ਭਾਵਨਾਵਾਂ ਅਤੇ ਮਨਾਂ ਨੂੰ ਪ੍ਰਵਾਨ ਨਹੀਂ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਉਪਰੰਤ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਪਾਸ ਇਤਰਾਜ਼ ਵੀ ਦਰਜ ਕਰਵਾਏ ਗਏ ਹਨ। ਭਾਵੇਂ ਕਿ ਭਾਰਤ ਸਰਕਾਰ ਦਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਦੇਸ਼ ਭਰ ਵਿੱਚ ਪੱਕੇ ਤੌਰ ਉੱਤੇ ਯਾਦ ਕਰਨ ਦਾ ਉਪਰਾਲਾ ਚੰਗਾ ਹੈ ਪਰ ਇਸ ਦੇ ਬਦਲੇ ਵਿੱਚ ਸਿੱਖਾਂ ਉੱਤੇ ਸਰਕਾਰ ਨੂੰ ਆਪਣੀ ਸ਼ਬਦਾਵਲੀ ਥੋਪਣੀ ਨਹੀਂ ਚਾਹੀਦੀ, ਬਲਕਿ ਸਿੱਖ ਰਵਾਇਤਾਂ ਤੇ ਸਿਧਾਂਤਾਂ ਦਾ ਸਤਿਕਾਰ ਕਰਦਿਆਂ ‘ਵੀਰ ਬਾਲ ਦਿਵਸ’ ਦਾ ਨਾਂਅ ਤਬਦੀਲ ਕਰਕੇ ਇਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਪ੍ਰਵਾਨ ਕਰਾਉਣਾ ਚਾਹੀਦਾ ਹੈ। ਜੋ ਸੋਚ ਸਾਹਿਬਜ਼ਾਦਿਆਂ ਨੂੰ ਸਿੱਖ ਸਰੋਤਾਂ ਵਿੱਚ ਯਾਦ ਕਰਦੀ ਹੈ ਉਸ ਨੂੰ ਹੀ ਅੱਗੇ ਵਧਾਉਣਾ ਚਾਹੀਦਾ ਹੈ। ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ।
ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।

Loading