ਚੰਡੀਗੜ੍ਹ/ਏ.ਟੀ.ਨਿਊਜ਼: ਬੇਅਦਬੀ ਰੋਕਣ ਲਈ ਬਣਾਏ ਕਾਨੂੰਨ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਚਾਰ ਰੋਜ਼ਾ ‘ਸ਼ੁਕਰਾਨਾ ਯਾਤਰਾ’ ਸ਼ਹੀਦਾਂ ਦੀ ਇਤਿਹਾਸਕ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋ ਗਈ। ਯਾਤਰਾ 6 ਮਈ ਨੂੰ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀ। ਅਤਿ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਨੇ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਤੇ ਸਨਮਾਨ ਕੀਤਾ।
ਮੁੱਖ ਮੰਤਰੀ ਨੇ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਹਾ ਕਿ ਲੋਕਾਂ ਵੱਲੋਂ ਦਿਖਾਏ ਪਿਆਰ ਨੇ ਸਰਕਾਰ ਨੂੰ ਹੋਰ ਵੀ ਜ਼ਿਆਦਾ ਹਲੀਮੀ, ਲੋਕਾਂ ਦੀਆਂ ਇੱਛਾਵਾਂ ਪ੍ਰਤੀ ਜ਼ਿੰਮੇਵਾਰੀ ਅਤੇ ਕੰਮਾਂ ਪ੍ਰਤੀ ਜਵਾਬਦੇਹ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਬੇਅਦਬੀ ਨੂੰ ਰੋਕਣ ਲਈ ਕਾਨੂੰਨ ਬਣਾਉਣ ਦਾ ਨਾ ਕੋਈ ਇਰਾਦਾ ਤੇ ਨਾ ਹੀ ਇੱਛਾ ਸ਼ਕਤੀ ਸੀ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਰ-ਵਾਰ ਹੁੰਦੀ ਰਹੀ। ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਇਤਿਹਾਸਕ ਐਕਟ ਇਸ ਨਾ-ਮੁਆਫ਼ੀਯੋਗ ਅਪਰਾਧ ਨੂੰ ਖ਼ਤਮ ਕਰ ਦੇਵੇਗਾ ਕਿਉਂਕਿ ਕੋਈ ਵੀ ਦੁਬਾਰਾ ਅਜਿਹੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਹੀਂ ਕਰੇਗਾ। ਕੁਝ ਲੋਕ ਹੁਣ ਵੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਅਕਾਲੀ ਦਲ ਤੇ ਕਾਂਗਰਸ ਨੇ ਕਾਨੂੰਨ ਨੂੰ ਰੱਦ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਹਾਈ ਕੋਰਟ ਨੇ ਨਾ ਸਿਰਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਸਗੋਂ ਉਨ੍ਹਾਂ ’ਤੇ 10,000 ਰੁਪਏ ਦਾ ਜੁਰਮਾਨਾ ਵੀ ਲਾਇਆ। ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਡਰ ਸੀ ਕਿ ਇਸ ਨਾਲ ਬੇਅਦਬੀ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬੇਨਕਾਬ ਹੋ ਸਕਦੀ ਹੈ।
ਪੰਜਾਬ ਸਰਕਾਰ ਵੱਲੋਂ ਕੀਤੀ ਚਾਰ ਦਿਨਾ ‘ਸ਼ੁਕਰਾਨਾ ਯਾਤਰਾ’ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲੇ ਦਿਨ ਭਰਤਗੜ੍ਹ, ਰੋਪੜ, ਬਲਾਚੌਰ, ਬੰਗਾ ਅਤੇ ਫਗਵਾੜਾ ਵਿੱਚੋਂ ਲੰਘੀ। ਦੂਜੇ ਦਿਨ ਯਾਤਰਾ ਜਲੰਧਰ ਤੋਂ ਆਦਮਪੁਰ, ਕਰਤਾਰਪੁਰ, ਬਾਬਾ ਬਕਾਲਾ, ਰਈਆ, ਜੰਡਿਆਲਾ, ਅੰਮ੍ਰਿਤਸਰ ਦੱਖਣੀ, ਪੂਰਬੀ ਅਤੇ ਕੇਂਦਰੀ, ਪੱਟੀ, ਜ਼ੀਰਾ, ਫਿਰੋਜ਼ਪੁਰ ਦਿਹਾਤੀ, ਫਰੀਦਕੋਟ ਅਤੇ ਕੋਟਕਪੂਰਾ ਤੋਂ ਹੁੰਦੀ ਹੋਈ ਭੁੱਚੋ ਮੰਡੀ ਤੋਂ ਬਠਿੰਡਾ ਪਹੁੰਚੀ। ਤੀਜੇ ਦਿਨ ਇਹ ਯਾਤਰਾ ਬਠਿੰਡਾ, ਕੋਟਸ਼ਮੀਰ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪਹੁੰਚੀ। ਚੌਥੇ ਦਿਨ ਇਹ ਯਾਤਰਾ ਸੰਗਰੂਰ ਤੋਂ ਸਮਾਣਾ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਹੁੰਦੀ ਹੋਈ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਈ।
![]()
