ਖੁਰਾਕੀ ਵਸਤਾਂ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ : ਆਸਟ੍ਰੇਲੀਆ

ਸਿਡਨੀ/ਏ.ਟੀ.ਨਿਊਜ਼: ਆਸਟ੍ਰੇਲੀਆ ਨੇ ਭਾਰਤ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ’ਤੇ ਸਖ਼ਤ ਨਿਗਰਾਨੀ ਵਧਾ ਦਿੱਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ ਅਤੇ ਸਾਲ 2024-2025 ਵਿੱਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ’ਤੇ ਮੰਗ ਮਜ਼ਬੂਤ ਰਹੀ ਹੈ।
ਕੁਝ ਭਾਰਤੀ ਮਸਾਲਾ ਉਤਪਾਦਾਂ ਵਿੱਚ ਈਥਾਈਲੀਨ ਆਕਸਾਈਡ ਵਰਗੇ ਰਸਾਇਣਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਜ਼ ਆਸਟਰੇਲੀਆ ਨਿਊਜ਼ੀਲੈਂਡ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਅਥਾਰਟੀ ਨੇ ਸਪੱਸ਼ਟ ਕੀਤਾ ਕਿ ਆਸਟ੍ਰੇਲੀਆ ਵਿੱਚ ਖਾਦ ਪਦਾਰਥਾਂ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੰਦਾ।
ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਮੁਤਾਬਕ ਸੁੱਕੇ ਮਸਾਲੇ, ਮਿਰਚ, ਕਾਲੀ ਮਿਰਚ, ਹਲਦੀ ਅਤੇ ਮਿਲੇ-ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਮੁਲਕ ਦੀਆਂ ਬੰਦਰਗਾਹ ਸਰਹੱਦਾਂ ’ਤੇ ਖਾਸ ਜਾਂਚ ਅਤੇ ਲੈਬ ਟੈਸਟ ਵਧਾਏ ਗਏ ਹਨ।
ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ‘ਤੇ ਦੋਸ਼ੀਆਂ ਨੂੰ ਨਿਯਮਾਂ ਤਹਿਤ ਲਗਪਗ 18,780 ਤੋਂ 93,900 ਆਸਟਰੇਲੀਆਈ ਡਾਲਰ ਤੱਕ ਜੁਰਮਾਨਾ, ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ’ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਧਦੀ ਮੰਗ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ ਹੈ। ਸਰਕਾਰ ਨੇ ਸਪੱਸ਼ਟ ਕਿਹਾ ਕਿ ਆਸਟ੍ਰੇਲੀਆ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ ਹੈ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਤੇ ਕੰਪਨੀਆਂ ਦੇ ਲਾਇਸੈਂਸ ਵੀ ਰੱਦ ਹੋਣ ਦਾ ਪਤਾ ਲੱਗਾ ਹੈ।

Loading