ਅਦਾਲਤ ਵੱਲੋਂ ਮੀਨੂ ਬੱਤਰਾ ਨੂੰ ਤੁਰੰਤ ਇਮੀਗ੍ਰਸ਼ੇਨ ਹਿਰਾਸਤ ਵਿਚੋਂ ਰਿਹਾਅ ਕਰਨ ਦੇ ਆਦੇਸ਼

In ਅਮਰੀਕਾ
May 05, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਟੈਕਸਾਸ ਦੀ ਇੱਕ ਅਦਾਲਤ ਨੇ ਪਿਛਲੇ 3 ਦਹਾਕਿਆਂ ਦੇ ਵਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਭਾਰਤੀ ਮੂਲ ਦੀ ਮੀਨੂ ਬੱਤਰਾ ਨੂੰ ਤੁਰੰਤ ਸੰਘੀ ਇਮੀਗ੍ਰੇਸ਼ਨ ਵਿੱਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਵੇਲੇ ਨਿਯਮਾਂ ਤੇ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਟੈਕਸਾਸ ਵਿੱਚ ਬੱਤਰਾ ਇਕੋ ਇਕ ਲਾਇਸੰਸਸ਼ੁਦਾ ਦੁਭਾਸ਼ੀਆ ਹੈ ਜੋ ਅੰਗਰੇਜੀ ਦਾ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਅਨੁਵਾਦ ਕਰ ਸਕਦੀ ਹੈ। ਉਸ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਉਸ ਦੀ ਰਿਹਾਈ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੱਤਰਾ 4 ਬੱਚਿਆਂ ਦੀ ਮਾਂ ਹੋ ਜੋ ਅਮਰੀਕੀ ਨਾਗਰਿਕ ਹਨ। ਉਸ ਨੂੰ ਹਰਲੀਨਗਨ ਵਿੱਚ ਵੈਲੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ 17 ਮਾਰਚ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਮਿਲਵੌਕੀ ਵਿੱਚ ਕੰਮ ’ਤੇ ਜਾ ਰਹੀ ਸੀ। ਆਹਲੂਵਾਲੀਆ ਨੇ ਕਿਹਾ ਕਿ ਬੱਤਰਾ ਦੀ ਪੀ ਆਰ ਲੈਣ ਲਈ ਕਾਨੂੰਨੀ ਪ੍ਰਕ੍ਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਸਭ ਤੋਂ ਛੋਟੇ ਪੁੱਤਰ ਜਸਪਰ, ਜਿਸ ਨੇ ਅਮਰੀਕੀ ਫ਼ੌਜ ਵਿੱਚ ਨੌਕਰੀ ਕੀਤੀ ਹੈ, ਦੇ ਆਧਾਰ ’ਤੇ ਬੱਤਰਾ ਲਈ ਗਰੀਨ ਕਾਰਡ ਲੈਣ ਦੀ ਯੋਜਨਾ ਹੈ। ਵਕੀਲ ਅਨੁੁਸਾਰ ਕਾਨੂੰਨੀ ਲੜਾਈ ਅਜੇ ਖਤਮ ਨਹੀਂ ਹੋਈ ਤੇ ਇਸ ਨੂੰ ਅੰਜਾਮ ਤੱਕ ਲਿਜਾਣ ਲਈ ਸਮਾਂ ਲੱਗ ਸਕਦਾ ਹੈ।

Loading