ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਕਿਹਾ ਕਿ ਗੁਰਦੁਆਰੇ ਵਿੱਚ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ, ਪੰਜਾਬੀ ਤੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਹ ਅੱਜ-ਕੱਲ੍ਹ ਨਿਊਜ਼ੀਲੈਂਡ ਦੌਰੇ ’ਤੇ ਹਨ। ਜਥੇਦਾਰ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਬੰਧ ਵਾਲੇ ਸਿੱਖ ਹੈਰੀਟੇਜ ਸਕੂਲ (ਪੰਜਾਬੀ ਸਕੂਲ) ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿੱਚ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿੱਖ ਹੈਰੀਟੇਜ ਸਕੂਲ ਬੋਰਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿੱਚ ਚਲਾਏ ਜਾ ਰਹੇ ਸਿੱਖ ਹੈਰੀਟੇਜ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇੱਥੇ ਹਫ਼ਤਾਵਾਰੀ ਸ਼ਨਿੱਚਰਵਾਰ ਨੂੰ ਕਲਾਸਾਂ ਲਾ ਕੇ ਸਥਾਨਕ ਬੱਚਿਆਂ ਨੂੰ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਗੁਰਮੁਖੀ ਪੰਜਾਬੀ, ਗੁਰਮਤਿ ਵਿਦਿਆ ਤੇ ਸੰਗੀਤ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ, ਨਿਤਨੇਮ ਤੇ ਗੁਰਬਾਣੀ ਸੰਥਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਵਿੱਚ ਲਗਪਗ ਹਜ਼ਾਰ ਬੱਚੇ ਗੁਰਮੁਖੀ ਅਤੇ ਗੁਰਮਤਿ ਦੀ ਸਿੱਖਿਆ ਲੈ ਰਹੇ ਹਨ। ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਥਾਪਤ ਸਿੱਖ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਨਰਸਰੀ ਤੋਂ ਅੱਠਵੀਂ ਤੱਕ ਦੇ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।
![]()
