ਬਰਤਾਨਵੀ ਨਾਗਰਿਕ ਨੇ ਕਬੂਲਿਆ ਸਿੱਖ ਮਹਿਲਾ ਨਾਲ ਜਬਰ-ਜਨਾਹ ਦਾ ਗੁਨਾਹ

In ਮੁੱਖ ਖ਼ਬਰਾਂ
April 22, 2026

ਲੰਡਨ/ਏ.ਟੀ.ਨਿਊਜ਼: ਬਰਮਿੰਘਮ ਕਰਾਊਨ ਕੋਰਟ ਵਿੱਚ 32 ਸਾਲਾ ਬਰਤਾਨਵੀ ਨਾਗਰਿਕ ਜੌਨ ਐਸ਼ਬੀ ਨੇ ਇੱਕ ਸਿੱਖ ਮਹਿਲਾ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ-ਜਨਾਹ ਕਰਨ ਦਾ ਗੁਨਾਹ ਕਬੂਲ ਲਿਆ ਹੈ। ਇਹ ਘਟਨਾ ਪਿਛਲੇ ਸਾਲ ਅਕਤੂਬਰ ਵਿੱਚ ਵਾਲਸਾਲ ਇਲਾਕੇ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ ਪੂਰੇ ਵੈਸਟ ਮਿਡਲੈਂਡਜ਼ ਭਾਈਚਾਰੇ ਵਿੱਚ ਡਰ ਅਤੇ ਗੁੱਸੇ ਦੀ ਲਹਿਰ ਫੈਲ ਗਈ ਸੀ। ਮੁਲਜ਼ਮ ਨੇ ਪਹਿਲਾਂ ਜਿਨਸੀ ਸ਼ੋਸ਼ਣ, ਗਲਾ ਘੁੱਟਣ ਅਤੇ ਲੁੱਟ-ਖੋਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਮੁਕੱਦਮਾ ਸ਼ੁਰੂ ਹੁੰਦੇ ਹੀ ਉਸ ਨੇ ਆਪਣਾ ਜੁਰਮ ਮੰਨ ਲਿਆ।
ਅਦਾਲਤ ਵਿੱਚ ਦੱਸਿਆ ਗਿਆ ਕਿ 25 ਅਕਤੂਬਰ ਦੀ ਸ਼ਾਮ ਨੂੰ ਮੁਲਜ਼ਮ ਨੇ ਪੀੜਤ ਮਹਿਲਾ ਦਾ ਬੱਸ ਸਟਾਪ ਤੋਂ ਪਿੱਛਾ ਕੀਤਾ ਅਤੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਸ਼ਬੀ ਨੇ ਮਹਿਲਾ ਵਿਰੁੱਧ ਇਸਲਾਮ-ਵਿਰੋਧੀ ਭੱਦੀ ਸ਼ਬਦਾਵਲੀ ਵਰਤੀ ਕਿਉਂਕਿ ਉਸ ਨੂੰ ਗਲਤਫ਼ਹਿਮੀ ਸੀ ਕਿ ਮਹਿਲਾ ਮੁਸਲਿਮ ਧਰਮ ਨਾਲ ਸਬੰਧਿਤ ਹੈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੇਖਿਆ ਗਿਆ ਕਿ ਉਹ ਉਸੇ ਬੱਸ ਵਿੱਚ ਸਵਾਰ ਸੀ ਜਿਸ ਵਿੱਚ ਮਹਿਲਾ ਸਫਰ ਕਰ ਰਹੀ ਸੀ। ਇਸ ਤੋਂ ਬਾਅਦ ਜਦੋਂ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਤਾਂ ਐਸ਼ਬੀ ਘਬਰਾ ਗਿਆ ਅਤੇ ਮਹਿਲਾ ਦੇ ਗਹਿਣੇ ਤੇ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਿਆ।
ਵਾਲਸਾਲ ਪੁਲਿਸ ਦੇ ਚੀਫ਼ ਸੁਪਰਡੈਂਟ ਫਿਲ ਡਾਲਬੀ ਨੇ ਕਿਹਾ ਕਿ ਅਧਿਕਾਰੀਆਂ ਨੇ ਇਲਾਕੇ ਦੇ ਧਾਰਮਿਕ ਅਸਥਾਨਾਂ ਦਾ ਦੌਰਾ ਕਰਕੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਸਥਾਨਕ ਆਗੂਆਂ ਨਾਲ ਗੱਲਬਾਤ ਕੀਤੀ ਹੈ। ਜਸਟਿਸ ਪੇਪਰਲ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਅਜਿਹੇ ਅਪਰਾਧ ਕਰਨ ਵਾਲਾ ਵਿਅਕਤੀ ਸਮਾਜ ਲਈ ਬਹੁਤ ਖ਼ਤਰਨਾਕ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ, ਜਦੋਂ ਮੁਲਜ਼ਮ ਨੂੰ ਸਜ਼ਾ ਸੁਣਾਈ ਜਾਵੇਗੀ।

Loading