ਵਿਸ਼ਵ ’ਚ ਸਮਸਿਆ ਬਣਿਆ ੳਰਜਾ ਸੰਕਟ

In ਮੁੱਖ ਲੇਖ
May 01, 2026

ਰਾਸ਼ਟਰਪਤੀ ਟਰੰਪ ਨੇ ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਤੋਂ ਜਾਰੀ ਜੰਗਬੰਦੀ ਨੂੰ ਜਿਸ ਤਰ੍ਹਾਂ ਅਚਾਨਕ ਅਣਮਿੱਥੇ ਸਮੇਂ ਲਈ ਵਧਾਇਆ, ਉਸ ਦੇ ਮੱਦੇਨਜ਼ਰ ਉਹ ਆਪਣੇ ਕਦਮ ਪਿਛਾਂਹ ਖਿੱਚਦੇ ਹੋਏ ਪ੍ਰਤੀਤ ਹੋਏ| ਉਨ੍ਹਾਂ ਨੇ ਜੰਗਬੰਦੀ ਦੇ ਵਿਸਥਾਰ ਦਾ ਐਲਾਨ ਅਜਿਹੇ ਸਮੇਂ ਕੀਤਾ, ਜਦ ਇਸਲਾਮਾਬਾਦ ਵਿਚ ਹੋਣ ਵਾਲੀ ਦੂਜੇ ਗੇੜ ਦੀ ਸ਼ਾਂਤੀ ਵਾਰਤਾ ਨੂੰ ਲੈ ਕੇ ਸ਼ੰਕਾ ਕਾਇਮ ਸੀ|
ਇਰਾਨ ਨੇ ਪਹਿਲੇ ਗੇੜ ਦੀ ਵਾਰਤਾ ਨਾਕਾਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਮਰੀਕਾ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਸ ਤੋਂ ਇਹੀ ਲੱਗ ਰਿਹਾ ਸੀ ਕਿ ਉਹ ਆਪਣੀਆਂ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਖ਼ਤਮ ਕੀਤੇ ਬਿਨਾਂ ਨਾ ਤਾਂ ਹੋਰਮੁਜ਼ ਸਮੁੰਦਰੀ ਮਾਰਗ ਖੋਲ੍ਹਣ ਲਈ ਤਿਆਰ ਹੋਵੇਗਾ ਅਤੇ ਨਾ ਹੀ ਵਾਰਤਾ ਵਾਸਤੇ| ਹੁਣ ਜੇ ਉਹ ਵਾਰਤਾ ਲਈ ਤਿਆਰ ਹੈ ਤਾਂ ਸ਼ਾਇਦ ਇਸ ਲਈ ਕਿਉਂਕਿ ਅਮਰੀਕੀ ਨਾਕਾਬੰਦੀ ਉਸ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ| ਜੋ ਵੀ ਹੋਵੇ, ਜਦ ਤੱਕ ਦੂਜੇ ਗੇੜ ਦੀ ਵਾਰਤਾ ਹੋ ਨਹੀਂ ਜਾਂਦੀ ਅਤੇ ਉਹ ਕਿਸੇ ਨਤੀਜੇ ’ਤੇ ਨਹੀਂ ਪੁੱਜ ਜਾਂਦੀ, ਉਦੋਂ ਤੱਕ ਪੱਛਮੀ ਏਸ਼ੀਆ ਸੰਕਟ ਅਤੇ ਨਾਲ ਹੀ ਊਰਜਾ ਸੰਕਟ ਖ਼ਤਮ ਹੋਣ ਦੇ ਆਸਾਰ ਨਹੀਂ ਹਨ|
ਅਮਰੀਕਾ ਤੇ ਇਰਾਨ ਵਿਚਾਲੇ ਪਹਿਲੇ ਗੇੜ ਦੀ ਵਾਰਤਾ ਇਸ ਲਈ ਨਾਕਾਮ ਰਹੀ ਸੀ ਕਿਉਂਕਿ ਇਰਾਨ ਨਾ ਤਾਂ ਯੂਰੇਨੀਅਮ ਸੁਧਾਈ ਪ੍ਰੋਗਰਾਮ ਤੋਂ ਪਿੱਛੇ ਹਟਣ ਨੂੰ ਤਿਆਰ ਸੀ ਅਤੇ ਨਾ ਹੀ ਹੋਰਮੁਜ਼ ’ਤੇ ਆਪਣੇ ਹੱਕ ਨੂੰ ਛੱਡਣ ਲਈ| ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਜੰਗਬੰਦੀ ਦੇ ਵਿਸਥਾਰ ਤੋਂ ਬਾਅਦ ਵੀ ਹੋਰਮੁਜ਼ ਬੰਦ ਹੈ| ਅਮਰੀਕੀ ਨਾਕੇਬੰਦੀ ਤੋਂ ਪਹਿਲਾਂ ਉੱਥੋਂ ਇੱਕਾ-ਦੁੱਕਾ ਜੋ ਜਹਾਜ਼ ਨਿਕਲ ਰਹੇ ਸਨ, ਹੁਣ ਉਹ ਵੀ ਨਹੀਂ ਨਿਕਲ ਪਾ ਰਹੇ ਹਨ| ਇਰਾਨ ਅਮਰੀਕੀ ਨਾਕਾਬੰਦੀ ਖ਼ਤਮ ਕਰਨ ਦੀ ਸ਼ਰਤ ਰੱਖਣ ਦੇ ਨਾਲ ਹੀ ਇਸ ’ਤੇ ਵੀ ਅੜਿਆ ਹੋਇਆ ਹੈ ਕਿ ਉਹ ਹੋਰਮੁਜ਼ ਤੋਂ ਨਿਕਲਣ ਵਾਲੇ ਜਹਾਜ਼ਾਂ ਨੂੰ ਆਪਣੀ ਨਿਗਰਾਨੀ ਵਿਚ ਨਿਕਲਣ ਦੇਵੇਗਾ ਅਤੇ ਉਨ੍ਹਾਂ ਤੋਂ ਫੀਸ ਵੀ ਵਸੂਲੇਗਾ|
ਇਹ ਕਿਸੇ ਨੂੰ ਸਵੀਕਾਰ ਨਹੀਂ ਹੋ ਸਕਦਾ-ਨਾ ਤਾਂ ਅਮਰੀਕਾ ਨੂੰ ਅਤੇ ਨਾ ਹੀ ਖਾੜੀ ਦੇ ਦੇਸ਼ਾਂ ਨੂੰ, ਕਿਉਂਕਿ ਹੋਰਮੁਜ਼ ਸੁਤੰਤਰ ਕੌਮਾਂਤਰੀ ਜਲ-ਮਾਰਗ ਹੈ| ਹੋਰਮੁਜ਼ ਤੋਂ ਵਿਸ਼ਵ ਦੇ ਲਗਪਗ 20 ਫ਼ੀਸਦੀ ਤੇਲ ਤੇ ਗੈਸ ਦੀ ਢੁਆਈ ਹੁੰਦੀ ਹੈ| ਉਸ ਵਿਚ ਅੜਿੱਕਾ ਪੈਣ ਕਾਰਨ ਭਾਰਤ ਸਮੇਤ ਏਸ਼ਿਆਈ ਦੇਸ਼ਾਂ ਨੂੰ ਹੀ ਊਰਜਾ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ| ਸੰਕਟ ਦਾ ਅਸਰ ਅਮਰੀਕਾ ਸਮੇਤ ਪੂਰੀ ਦੁਨੀਆ ’ਤੇ ਪੈ ਰਿਹਾ ਹੈ|
ਹਾਲਾਂਕਿ ਅਮਰੀਕਾ ਕੋਲ ਆਪਣੇ ਤੇਲ ਅਤੇ ਗੈਸ ਦੇ ਭੰਡਾਰ ਹਨ ਪਰ ਹੋਰਮੁਜ਼ ਤੋਂ ਊਰਜਾ ਸਪਲਾਈ ਠੱਪ ਹੋ ਜਾਣ ਨਾਲ ਤੇਲ ਤੇ ਗੈਸ ਦੀਆਂ ਕੀਮਤਾਂ ਉਸ ਦੇ ਇੱਥੇ ਵੀ ਵਧ ਰਹੀਆਂ ਹਨ| ਅਮਰੀਕੀ ਜਨਤਾ ਤੇਲ ਤੇ ਗੈਸ ਮਹਿੰਗੀ ਹੋਣ ਕਾਰਨ ਹੋਰ ਚੀਜ਼ਾਂ ਦੀ ਮਹਿੰਗਾਈ ਵਧਣ ’ਤੇ ਡਾਹਢੀ ਪਰੇਸ਼ਾਨ ਹੋ ਰਹੀ ਹੈ| ਇਸ ਕਾਰਨ ਟਰੰਪ ਨੂੰ ਸਿਆਸੀ ਨੁਕਸਾਨ ਦਾ ਡਰ ਸਤਾ ਰਿਹਾ ਹੈ| ਇਹੀ ਵਜ੍ਹਾ ਹੈ ਕਿ ਉਹ ਈਰਾਨ ਨਾਲ ਟਕਰਾਅ ਨੂੰ ਹਰ ਹਾਲਤ ਵਿਚ ਸਮਾਪਤ ਕਰਨਾ ਚਾਹੁੰਦੇ ਹਨ|
ਅਮਰੀਕਾ ਦੇ ਮੁਕਾਬਲੇ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਕਿਤੇ ਜ਼ਿਆਦਾ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਕਿਉਂਕਿ ਇਰਾਨ ਇਹ ਸਮਝ ਰਿਹਾ ਹੈ ਕਿ ਉਹ ਹੋਰਮੁਜ਼ ਨੂੰ ਬੰਦ ਕਰ ਕੇ ਵਿਸ਼ਵ ਦੇ ਦੇਸ਼ਾਂ ਨੂੰ ਅਮਰੀਕਾ ’ਤੇ ਇਸ ਲਈ ਦਬਾਅ ਪਾਉਣ ਵਿ¾ਚ ਸਮਰੱਥ ਹੋ ਸਕਦਾ ਹੈ ਕਿ ਉਹ ਟਕਰਾਅ ਤੋਂ ਪਿੱਛੇ ਹਟੇ, ਇਸ ਲਈ ਉਸ ਨੇ ਵੀ ਸਖ਼ਤ ਰਵੱਈਆ ਅਪਣਾ ਲਿਆ ਹੈ| ਇਹ ਵਤੀਰਾ ਦੂਜੇ ਗੇੜ ਦੀ ਵਾਰਤਾ ਨੂੰ ਵੀ ਨਾਕਾਮ ਕਰ ਸਕਦਾ ਹੈ|
ਇਰਾਨ ਅਮਰੀਕੀ ਹਮਲਿਆਂ ਦੇ ਜਵਾਬ ਵਿਚ ਖਾੜੀ ਦੇ ਦੇਸ਼ਾਂ ਵਿਚ ਉਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿ¾ਚ ਵੀ ਸਮਰੱਥ ਹੈ| ਅਮਰੀਕਾ ਦੀ ਸਮੱਸਿਆ ਇਹ ਹੈ ਕਿ ਉਹ ਇਰਾਨ ਦੇ ਹਮਲਿਆਂ ਦਾ ਪੂਰੀ ਤਰ੍ਹਾਂ ਟਾਕਰਾ ਕਰਨ ਵਿਚ ਸਮਰੱਥ ਨਹੀਂ ਦਿਸ ਰਿਹਾ ਹੈ| ਇਸ ਕਾਰਨ ਅਮਰੀਕੀ ਫ਼ੌਜੀ ਅੱਡਿਆਂ ਵਾਲੇ ਖਾੜੀ ਦੇਸ਼ਾਂ ਵਿਚ ਵੀ ਬੇਚੈਨੀ ਹੈ| ਇਹ ਸਪਸ਼ਟ ਹੈ ਕਿ ਹੋਰਮੁਜ਼ ਖੁੱਲ੍ਹਣ ਵਿਚ ਜਿੰਨੀ ਦੇਰੀ ਹੋਵੇਗੀ, ਊਰਜਾ ਸੰਕਟ ਓਨਾ ਹੀ ਡੂੰਘਾ ਹੁੰਦਾ ਜਾਵੇਗਾ|
ਇਸ ਸੰਕਟ ਕਾਰਨ ਅਮਰੀਕਾ ਇਰਾਨ ਨੂੰ ਨਵੇਂ ਸਿਰੇ ਤੋਂ ਨਿਸ਼ਾਨਾ ਬਣਾਉਣ ਲਈ ਮਜਬੂਰ ਤਾਂ ਹੋ ਸਕਦਾ ਹੈ ਪਰ ਟਰੰਪ ਲਈ ਉਸ ਖ਼ਿਲਾਫ਼ ਅਜਿਹਾ ਕਰਨਾ ਆਸਾਨ ਨਹੀਂ ਹੈ| ਸ਼ਾਇਦ ਇਹੀ ਕਾਰਨ ਹੈ ਕਿ ਉਹ ਕਦੇ ਇਰਾਨ ਨੂੰ ਤਬਾਹ ਕਰਨ ਦੀ ਧਮਕੀ ਦਿੰਦੇ ਹਨ ਅਤੇ ਕਦੇ ਉਸ ਨਾਲ ਸਮਝੌਤੇ ਦੀ ਉਮੀਦ ਪ੍ਰਗਟ ਕਰਦੇ ਹਨ| ਉਹ ਬੀਤੇ 10-12 ਦਿਨਾਂ ਵਿਚ ਪਤਾ ਨਹੀਂ ਕਿੰਨੀ ਵਾਰ ਆਪਣੇ ਬਿਆਨ ਬਦਲ ਚੁੱਕੇ ਹਨ|
ਉਨ੍ਹਾਂ ਦੇ ਵਾਰ-ਵਾਰ ਬਦਲਦੇ ਅਤੇ ਆਪਾ-ਵਿਰੋਧੀ ਬਿਆਨਾਂ ਕਾਰਨ ਵਿਸ਼ਵ ਨੂੰ ਇਹੀ ਸੰਦੇਸ਼ ਜਾ ਰਿਹਾ ਹੈ ਕਿ ਉਹ ਪੱਛਮੀ ਏਸ਼ੀਆ ਵਿ¾ਚ ਉਪਜੇ ਸੰਕਟ ਦਾ ਹੱਲ ਕੱਢਣ ਦੀ ਹਾਲਤ ਵਿਚ ਨਹੀਂ ਹਨ| ਇਸ ਸਭ ਦੌਰਾਨ ਈਰਾਨ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਸ ਨੇ ਹੋਰਮੁਜ਼ ਤੋਂ ਨਿਕਲਣ ਵਾਲੇ ਜਹਾਜ਼ਾਂ ਤੋਂ ਵਸੂਲੀ ਸ਼ੁਰੂ ਕਰ ਦਿੱਤੀ ਹੈ| ਪਤਾ ਨਹੀਂ ਸੱਚ ਕੀ ਹੈ, ਪਰ ਹੋਰਮੁਜ਼ ਬੰਦ ਰਹਿਣ ਕਾਰਨ ਊਰਜਾ ਸੰਕਟ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ| ਜੇਕਰ ਇਸ ਮੌਜੂਦਾ ਸਥਿਤੀ ਵਿਚ ਅਮਰੀਕਾ ਪਿੱਛੇ ਹਟਦਾ ਹੈ ਤਾਂ ਇਸ ਨਾਲ ਉਸ ਦੀ ਫਜ਼ੀਹਤ ਤਾਂ ਹੋਵੇਗੀ ਹੀ, ਜੰਗ ਵਿਚ ਹੋਏ ਨੁਕਸਾਨ ਦੀ ਭਰਪਾਈ ਦੇ ਨਾਂ ’ਤੇ ਇਰਾਨ ਹੋਰਮੁਜ਼ ਤੋਂ ਨਿਕਲਣ ਵਾਲੇ ਜਹਾਜ਼ਾਂ ਤੋਂ ਵਸੂਲੀ ਕਰਨ ਵਿਚ ਵੀ ਸਮਰੱਥ ਹੋ ਸਕਦਾ ਹੈ|
ਇਸ ਨਾਲ ਵੀ ਤੇਲ ਤੇ ਗੈਸ ਦੀਆਂ ਕੀਮਤਾਂ ਵਧ ਜਾਣਗੀਆਂ| ਹੋਰਮੁਜ਼ ’ਤੇ ਇਰਾਨ ਦੇ ਦਬਦਬੇ ਨਾਲ ਉਸ ਅਤੇ ਖਾੜੀ ਦੇ ਦੇਸ਼ਾਂ ਵਿਚਕਾਰ ਟਕਰਾਅ ਵਧਣਾ ਤੈਅ ਹੈ| ਟਰੰਪ ਨੇ ਅਣਮਿੱਥੇ ਸਮੇਂ ਲਈ ਜੰਗਬੰਦੀ ਨੂੰ ਚਾਹੇ ਜਿਨ੍ਹਾਂ ਵੀ ਕਾਰਨਾਂ ਕਾਰਨ ਵਧਾਇਆ ਹੋਵੇ, ਪਰ ਉਸ ਦੇ ਪਿੱਛੇ ਉਨ੍ਹਾਂ ਦੀ ਮਜਬੂਰੀ ਹੀ ਦਿਸਦੀ ਹੈ| ਇਕ ਵੱਡੀ ਮਜਬੂਰੀ ਤਾਂ ਇਰਾਨ ਵਿਰੁੱਧ ਜੰਗ ਛੇੜਨ ਲਈ ਅਮਰੀਕੀ ਸੰਸਦ ਦੀ ਆਗਿਆ ਹੈ| ਅਮਰੀਕੀ ਕਾਨੂੰਨ ਤਹਿਤ ਜੇ ਰਾਸ਼ਟਰਪਤੀ ਕਿਸੇ ਦੇਸ਼ ਵਿਰੁੱਧ ਜੰਗ ਛੇੜਦੇ ਹਨ ਤਾਂ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਸੰਸਦ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ| ਇਹ ਅਰਸਾ ਇਕ ਮਈ ਨੂੰ ਖ਼ਤਮ ਹੋ ਰਿਹਾ ਹੈ| ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਸੰਸਦ ਦੀ ਮਨਜ਼ੂਰੀ ਮਿਲਣੀ ਮੁਸ਼ਕਿਲ ਹੈ|
ਖ਼ੁਦ ਟਰੰਪ ਸਮਰਥਕਾਂ ਦੇ ਨਾਲ-ਨਾਲ ਉੱਥੋਂ ਦਾ ਇਕ ਵੱਡਾ ਸਿਆਸੀ ਵਰਗ ਜੰਗ ਦੇ ਪੱਖ ਵਿਚ ਨਹੀਂ ਹੈ| ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਟਰੰਪ ਨੇ ਜੰਗਬੰਦੀ ਵਧਾਉਣ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉੱਥੋਂ ਦੇ ਫ਼ੌਜ ਮੁਖੀ ਆਸਿਮ ਮੁਨੀਰ ਦੀ ਇਸ ਕਥਿਤ ਅਪੀਲ ਦੀ ਆੜ ਲਈ ਕਿ ਜੰਗਬੰਦੀ ਜਾਰੀ ਰੱਖੀ ਜਾਵੇ| ਪਾਕਿਸਤਾਨ ਵੀ ਇਸ ਦੇ ਲਈ ਵਿਆਕੁਲ ਹੈ ਕਿ ਕਿਸੇ ਤਰ੍ਹਾਂ ਅਮਰੀਕਾ ਅਤੇ ਇਰਾਨ ਵਿਚਾਲੇ ਸਮਝੌਤਾ ਹੋ ਜਾਵੇ| ਅਜਿਹਾ ਨਾ ਹੋਣ ’ਤੇ ਉਸ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ ਕਿਉਂਕਿ ਜੰਗ ਫਿਰ ਤੋਂ ਸ਼ੁਰੂ ਹੋਣ ਦੀ ਹਾਲਤ ਵਿਚ ਉਸ ਨੂੰ ਸਾਊਦੀ ਅਰਬ ਨਾਲ ਹੋਏ ਸਮਝੌਤੇ ਤਹਿਤ ਉਸ ਨਾਲ ਅਤੇ ਇਰਾਨ ਵਿਰੁੱਧ ਖੜ੍ਹਾ ਹੋਣਾ ਪਵੇਗਾ|
ਉਹ ਅਜਿਹਾ ਨਹੀਂ ਚਾਹੇਗਾ ਕਿਉਂਕਿ ਉਸ ਦੀ ਇਰਾਨ ਨਾਲ ਦੁਸ਼ਮਣੀ ਹੋ ਜਾਵੇਗੀ| ਅਮਰੀਕਾ-ਇਰਾਨ ਵਿਚਾਲੇ ਦੂਜੇ ਗੇੜ ਦੀ ਵਾਰਤਾ ਦਾ ਜੋ ਵੀ ਨਤੀਜਾ ਹੋਵੇ, ਹੋਰਮੁਜ਼ ਦਾ ਖੁੱਲ੍ਹਣਾ ਜ਼ਰੂਰੀ ਹੈ ਕਿਉਂਕਿ ਖਾੜੀ ਦੇ ਦੇਸ਼ਾਂ ਕੋਲ ਆਪਣੇ ਤੇਲ ਤੇ ਗੈਸ ਨਿਰਯਾਤ ਕਰਨ ਦਾ ਹੋਰ ਕੋਈ ਆਸਾਨ ਰਸਤਾ ਨਹੀਂ ਹੈ| ਹੋਰਮੁਜ਼ ਦੇ ਬਦਲ ਦੇ ਰੂਪ ਵਿਚ ਜਿਨ੍ਹਾਂ ਜ਼ਮੀਨੀ ਰਸਤਿਆਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਨਿਰਮਾਣ ਹੋਣ ਵਿਚ ਸਾਲਾਂਬੱਧੀ ਸਮਾਂ ਲੱਗ ਸਕਦਾ ਹੈ|
ਉਂਝ ਇਨ੍ਹਾਂ ਬਦਲਵੇਂ ਮਾਰਗਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਬਿਹਤਰ, ਕਿਉਂਕਿ ਇਸ ਦਾ ਟਿਕਾਣਾ ਨਹੀਂ ਕਿ ਪੱਛਮੀ ਏਸ਼ੀਆ ਵਿਚ ਫਿਰ ਕਦੋਂ ਨਵਾਂ ਸੰਕਟ ਖੜ੍ਹਾ ਹੋ ਜਾਵੇ| ਵੈਸੇ ਵੀ ਇਰਾਨ ਇਸ ਤਾਕ ਵਿਚ ਹੈ ਕਿ ਉਸ ਦਾ ਹੋਰਮੁਜ਼ ’ਤੇ ਕਿਸੇ ਨਾ ਕਿਸੇ ਤਰ੍ਹਾਂ ਦਬਦਬਾ ਬਣ ਜਾਵੇ|

ਸੰਜੇ ਗੁਪਤ

Loading