ਰਘਵੀਰ ਸਿੰਘ ਚੰਗਾਲ
ਸਦੀਆਂ ਤੋਂ ਸੰਗੀਤ ਦੀ ਨਿਰੰਤਰ ਵਹਿ ਰਹੀ ਧਾਰਾ ਵਿੱਚ ਪੰਜਾਬੀ ਸੰਗੀਤ ਦਾ ਵਿਲੱਖਣ ਮੁਹਾਂਦਰਾ ਕਾਇਮ ਰਿਹਾ ਹੈ। ਅਸੀਂ ਦੇਖਿਆ ਹੈ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਸੰਗੀਤ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ। ਅਸੀਂ ਮੇਲਿਆਂ ’ਤੇ ਗਵੰਤਰੀਆਂ ਨੂੰ ਘੰਟਿਆਂ ਬੱਧੀ ਹਜ਼ਾਰਾਂ ਲੋਕਾਂ ਦੇ ਇਕੱਠ ਸਾਹਮਣੇ ਗਾਉਂਦੇ ਅੱਖੀਂ ਵੇਖਿਆ ਤੇ ਮਾਣਿਆ ਹੈ। ਉਸ ਸਮੇਂ ਗਵੰਤਰੀਆਂ ਕੋਲ ਲਾਊਡ ਸਪੀਕਰ ਵੀ ਨਹੀਂ ਸੀ ਹੁੰਦਾ। ਗਾਉਣ ਵਾਲੇ ਹਿੱਕ ਦੇ ਜ਼ੋਰ ’ਤੇ ਉੱਚੀ ਆਵਾਜ਼ ਵਿੱਚ ਗਾਉਂਦੇ ਸਨ।
ਫਿਰ ਸਮੇਂ ਨੇ ਕਰਵਟ ਲਈ ਤਾਂ ਇਲੈੱਟ੍ਰੌਨਿਕ ਸਾਧਨਾਂ ਦੇ ਵਿਕਸਤ ਹੋਣ ਨਾਲ ਲਾਊਡ ਸਪੀਕਰ ਤੇ ਤਵਿਆਂ ਦਾ ਯੁੱਗ ਆ ਗਿਆ। ਮੇਲਿਆਂ ਜਾਂ ਹੋਰ ਇਕੱਠਾਂ ਵਿੱਚ ਗਵੱਈਏ ਮਾਈਕ ਦੇ ਮੂਹਰੇ ਖੜ੍ਹਕੇ ਗਾਉਣ ਲੱਗੇ। ਉਨ੍ਹਾਂ ਲਈ ਗਾਉਣਾ ਕਾਫ਼ੀ ਸੌਖਾ ਹੋ ਗਿਆ। ਸਹਿਜ ਅਵਸਥਾ ਵਿੱਚ ਗਾ ਕੇ ਉਹ ਲਾਊਡ ਸਪੀਕਰ ਰਾਹੀਂ ਭਾਰੀ ਜਨਸਮੂਹ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਸਨ। ਤਵਿਆਂ ਦੇ ਯੁੱਗ ਨਾਲ ਪੰਜਾਬੀ ਗਾਇਕੀ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਤਵਿਆਂ ਦੇ ਯੁੱਗ ਵਿੱਚ ਪਿੰਡ ਵਿੱਚ ਕਿਸੇ ਘਰ ਵਿਆਹ-ਸ਼ਾਦੀ ਜਾਂ ਖੁਸ਼ੀ ਦੇ ਮੌਕੇ ਸਪੀਕਰ ਵਾਲੇ ਦੀ ਪੂਰੀ ਟੌਹਰ ਹੁੰਦੀ ਸੀ। ਹਰ ਵਰਗ ਦੇ ਲੋਕਾਂ ਲਈ ਉਹ ਖਿੱਚ ਦਾ ਕੇਂਦਰ ਹੁੰਦਾ ਸੀ। ਬੱਚੇ ਉਸ ਦੀ ਮਸ਼ੀਨ (ਗਰਾਮੋਂ ਫੋਨ) ਦੀਆਂ ਵਰਤੀਆਂ ਸੂਈਆਂ ਚੁੱਕਣ ਦਾ ਮਜ਼ਾ ਲੈਂਦੇ ਤੇ ਨੌਜਵਾਨ ਦੀਦਾਰ ਸਿੰਘ ਰਟੈਂਡਾ, ਚਾਂਦੀ ਰਾਮ ਚਾਂਦੀ, ਮੁਹੰਮਦ ਸਦੀਕ, ਕਰਮਜੀਤ ਧੂਰੀ, ਦੀਦਾਰ ਸੰਧੂ, ਰੰਗੀਲਾ ਜੱਟ ਜਿਹੇ ਗਾਇਕਾਂ ਦੇ ਗੀਤ ਸੁਣਨ ਲਈ ਉਸ ਦੇ ਤਰਲੇ ਕੱਢਦੇ ਜਦਕਿ ਬਜ਼ੁਰਗ ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਕਲੀਆਂ ਸੁਣਨ ਨੂੰ ਤਰਜੀਹ ਦਿੰਦੇ।
ਵਕਤ ਆਪਣੀ ਤੋਰ ਤੁਰਦਾ ਗਿਆ। ਗਾਇਕੀ ਦੇ ਖੇਤਰ ਵਿੱਚ ਨਵੇਂ ਯੁੱਗ ਦੇ ਵਿਕਸਤ ਸਾਧਨਾਂ ਦੇ ਪਾਸਾਰ ਨੇ ਇਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਬਿਜਲਈ ਸਾਧਨਾਂ ਵਿੱਚ ਨਵੇਂ ਨਵੇਂ ਯੰਤਰ ਆ ਗਏ ਜਿਸ ਵਿੱਚੋਂ ਕੈਸੇਟ ਕਲਚਰ ਦਾ ਆਗਾਜ਼ ਹੋਇਆ। ਕੈਸੇਟ ਕਲਚਰ ਦੇ ਵਿਕਸਤ ਹੋਣ ਨਾਲ ਪੰਜਾਬੀ ਗਾਇਕੀ ਦਾ ਦਾਇਰਾ ਇੰਨਾ ਵਧ ਗਿਆ ਕਿ ਘਰ ਘਰ ਸੰਗੀਤਕ ਸਾਧਨਾਂ ਦੀ ਪਹੁੰਚ ਹੋ ਗਈ। ਉਂਗਲਾਂ ’ਤੇ ਗਿਣੇ ਜਾਣ ਵਾਲੇ ਗਾਇਕਾਂ ਵਿੱਚ ਨਿੱਤ ਦਿਨ ਵਾਧਾ ਹੋਣਾ ਸ਼ੁਰੂ ਹੋ ਗਿਆ। ਜਿੱਥੇ ਇੱਥੋਂ ਹੀ ਪੰਜਾਬੀ ਗਾਇਕੀ ਦੇ ਵਿਸ਼ਵ ਪੱਧਰ ਤੱਕ ਪਹੁੰਚਣ ਦਾ ਆਰੰਭ ਹੋਇਆ, ਉੱਥੇ ਇਸ ਨਾਲ ਪੰਜਾਬੀ ਗਾਇਕੀ ਦੇ ਨਕਾਰਾਤਮਕ ਪਹਿਲੂਆਂ ਦਾ ਭਾਰੂ ਹੋਣਾ ਵੀ ਸ਼ੁਰੂ ਹੋ ਗਿਆ। ਨਵੇਂ ਗਾਇਕ ਮੁੰਡੇ-ਕੁੜੀਆਂ ਬਿਜਲਈ ਸਾਧਨਾਂ ਦੀ ਵਿਕਸਤ ਹੋਈ ਨਵੀਂ ਤਕਨੀਕ ਵਿੱਚ ਬੜੇ ਸੌਖੇ ਢੰਗ ਨਾਲ ਆਪਣੀ ਆਵਾਜ਼ ਰਿਕਾਰਡ ਕਰਕੇ ਕੈਸੇਟਾਂ ਰਿਲੀਜ਼ ਕਰਨ ਲੱਗ ਪਏ। ਇਸ ਰੁਝਾਨ ਨਾਲ ਪੰਜਾਬੀ ਸੰਗੀਤ ਦੀਆਂ ਪੁਰਾਤਨ ਪਰਪੰਰਾਵਾਂ ਦਾ ਘਾਣ ਹੋਣਾ ਵੀ ਸ਼ੁਰੂ ਹੋ ਗਿਆ। ਇਸ ਵਹਿਣ ਵਿੱਚ ਪੰਜਾਬੀ ਲੋਕ ਸੰਗੀਤ ਦੀਆਂ ਮੂਲ-ਧਾਰਾਵਾਂ ਅਤੇ ਮੌਲਿਕਤਾ ਭੰਗ ਹੋਣੀ ਸ਼ੁਰੂ ਹੋ ਗਈ। ਖੁੰਭਾਂ ਦੀ ਤਰ੍ਹਾਂ ਪੈਦਾ ਹੋਣ ਵਾਲੇ ਗਾਇਕਾਂ ਵਿੱਚ ਬਹੁਤੇ ਸੁਰ ਤੇ ਤਾਲ ਦੀ ਸੂਝ ਤੋਂ ਅਣਜਾਣ ਹੋਣ ਕਰਕੇ ਤੇ ਗਾਇਨ ਕਲਾ ਦੀਆਂ ਬਾਰੀਕੀਆਂ ਤੋਂ ਨਾਵਾਕਿਫ ਅਤੇ ਕਲਾ ਪ੍ਰਤੀ ਅਸੁਹਿਰਦਤਾ ਕਰਕੇ ਪੰਜਾਬੀ ਗਾਇਕੀ ਦੀਆਂ ਅਮੀਰ ਪੁਰਾਤਨ ਪਰੰਪਰਾਵਾਂ ਦਾ ਘਾਣ ਕਰਨ ਲੱਗ ਪਏ। ਪੰਜਾਬੀ ਸੰਗੀਤ ਨੂੰ ਪੱਛਮੀ ਸੰਗੀਤ ਦਾ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ। ਨਵੀਂ ਪੀੜ੍ਹੀ ਦੇ ਗਾਇਕ ਤੇ ਗਾਇਕਾਵਾਂ ਇਸ ਮਿਲਗੋਭਾ ਸੰਗੀਤ ਨੂੰ ਹੀ ਆਪਣਾ ਸੱਭਿਆਚਾਰ ਤੇ ਵਿਰਸਾ ਸਮਝਣ ਦੀ ਵੱਡੀ ਭੁੱਲ ਕਰ ਬੈਠੇ। ਗਾਇਕੀ ਤੇ ਸੱਭਿਆਚਾਰ ਨੂੰ ਇੱਕੋ ਸਿੱਕੇ ਦੇ ਦੋ ਪਹਿਲੂਆਂ ਵਜੋਂ ਪੇਸ਼ ਕਰਨ ਲੱਗ ਪਏ। ਜਦੋਂਕਿ ਸੱਭਿਆਚਾਰ ਵਿਸ਼ਾਲ ਤੇ ਵਿਆਪਕ ਵਰਤਾਰਾ ਹੈ ਜਿਸ ਵਿੱਚ ਕਿਸੇ ਕੌਮ ਦਾ ਸਮੁੱਚਾ ਜੀਵਨ ਢੰਗ ਸ਼ਾਮਲ ਹੁੰਦਾ ਹੈ, ਜਦੋਂਕਿ ਗਾਇਕੀ ਲਲਿਤ ਕਲਾ ਦੀ ਇੱਕ ਛੋਟੀ ਜਿਹੀ ਵੰਨਗੀ ਹੈ। ਗੀਤ-ਸੰਗੀਤ ਕਦੇ ਵੀ ਆਪਣੇ ਆਪ ਵਿੱਚ ਸੱਭਿਆਚਾਰ ਨਹੀਂ ਹੁੰਦਾ ਸਗੋਂ ਇਹ ਇੱਕ ਜ਼ਰੀਆ ਹੈ ਜਿਸ ਰਾਹੀਂ ਸੱਭਿਆਚਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਗੀਤ ਸਾਧਨ ਹਨ, ਉਦੇਸ਼ ਨਹੀਂ। ਗੀਤਾਂ ਰਾਹੀਂ ਕਿੰਨਾ ਕੁ ਸੱਭਿਆਚਾਰ ਪੇਸ਼ ਹੁੰਦਾ ਹੈ ਇਹ ਗਾਇਕ ਤੇ ਗੀਤਕਾਰ ਦੀ ਦਿਆਨਤਦਾਰੀ ’ਤੇ ਨਿਰਭਰ ਕਰਦਾ ਹੈ।
ਉਦਾਰੀਕਰਨ ਦੀ ਨੀਤੀ ਤਹਿਤ ਜਾਂ ਖਪਤ ਸੱਭਿਆਚਾਰ ਦੀ ਅਧੀਨਗੀ ਤਹਿਤ ਜਦੋਂ ਵਿਦੇਸ਼ੀ ਚੈਨਲਾਂ ਦਾ ਭਾਰਤ ਵਿੱਚ ਆਗਮਨ ਹੋਇਆ ਤਾਂ ਉਸ ਦੀ ਚਕਾਚੌਂਧ ਦਾ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰਨਾ ਸੁਭਾਵਿਕ ਸੀ। ਇਹ ਉਹ ਸਮਾਂ ਸੀ ਜਦੋਂ ਤੱਕ ਅਸੀਂ ਆਪਣੇ ਸੱਭਿਆਚਾਰ ਦੀਆਂ ਸੰਗਾਂ ਸ਼ਰਮਾਂ ਦੀਆਂ ਹੱਦਾਂ ਤੇ ਵਰਜਨਾਵਾਂ ਦੀਆਂ ਸੀਮਾਵਾਂ ਅਧੀਨ ਜੀਵਨ ਬਸਰ ਕਰਦੇ ਆ ਰਹੇ ਸੀ। ਪੱਛਮ ਦੀ ਖੁੱਲ੍ਹ ਨੇ ਸਥਾਨਕ ਲੋਕਾਂ ਨੂੰ ਨਵੀਂ ਜੀਵਨ ਜਾਚ ਨਾਲ ਜੋੜਿਆ ਤੇ ਦੋਹਰੇ ਮਾਨਸਿਕ ਧਰਾਤਲ ’ਤੇ ਜਿਊਣ ਲਈ ਮਜਬੂਰ ਕਰ ਦਿੱਤਾ। ਪੱਛਮ ਤੇ ਭਾਰਤ ਦੀਆਂ ਸਮਾਜਿਕ ਪਰਿਸਥਿਤੀਆਂ ਵਿੱਚ ਬਹੁਤ ਵੱਡਾ ਅੰਤਰ ਹੈ। ਇਸ ਲਈ ਸੱਭਿਆਚਾਰ ’ਚ ਭਿੰਨਤਾ ਦਾ ਅਨੁਪਾਤ ਵੀ ਜ਼ਿਆਦਾ ਹੋਣਾ ਸੁਭਾਵਿਕ ਹੈ। ਸਾਡੇ ਗਾਇਕਾਂ ਨੇ ਜਾਂ ਸਾਡੇ ਸੰਗੀਤਕ ਉਦਯੋਗ ਨੇ ਪੱਛਮੀ ਸੱਭਿਆਚਾਰ ਦੇ ਵਿਆਪਕ ਦਾਇਰੇ ਤੇ ਉਸਾਰੂ ਤੱਤਾਂ ’ਚੋਂ ਸਿਰਫ਼ ਨੰਗੇਜ਼ ਨੂੰ ਹੀ ਅਪਣਾਇਆ ਹੈ ਜਿਹੜਾ ਕਿ ਸਾਡੇ ਸਮਾਜ ਦੀਆਂ ਉਸਾਰੂ ਕਦਰਾਂ ਕੀਮਤਾਂ, ਸੰਗਾਂ ਸ਼ਰਮਾਂ ਦੀਆਂ ਹੱਦਾਂ ਵਿੱਚ ਵਰਜਿਤ ਹੈ। ਜਦੋਂ ਇਸ ਫਾਰਮੂਲੇ ਤਹਿਤ ਇੱਕ ਅੱਧ ਗੀਤ ਹਿੱਟ ਹੋ ਗਿਆ ਤਾਂ ਸੰਗੀਤ ਦੇ ਵਪਾਰੀ ਇਸ ਦੇ ਹੀ ਪਿੱਛੇ ਹੋ ਤੁਰੇ। ਗਾਇਕਾਂ ਨੇ ਇਸ ਲਾਹਣਤ ਤੋਂ ਬਚਣ ਲਈ ਕੰਪਨੀਆਂ ਦੇ ਸਿਰ ਭਾਂਡਾ ਭੰਨਣ ਦਾ ਆਧਾਰਹੀਣ ਤਰਕ ਲੱਭ ਲਿਆ।
ਸੰਗੀਤ ਦੇ ਅੰਤਰਰਾਸ਼ਟਰੀ ਵਰਤਾਰੇ ਨੇ ਇਸ ਦਾ ਵਪਾਰੀਕਰਨ ਕਰਕੇ ਇਸ ਨੂੰ ਮੰਡੀ ਦੀ ਸ਼ਕਲ ਵਿੱਚ ਬਦਲ ਕੇ ਰੱਖ ਦਿੱਤਾ। ਇਸ ਦਾ ਸਮੁੱਚਾ ਕਾਰਜ ਖੇਤਰ ਵਪਾਰੀਆਂ ਦੇ ਹੱਥਾਂ ਵਿੱਚ ਮਹਿਫੂਜ਼ ਹੋ ਕੇ ਰਹਿ ਗਿਆ। ਉਹ ਲੋਕ ਇਸ ਖੇਤਰ ਵਿੱਚ ਘੁਸਪੈਠ ਕਰ ਗਏ ਜਿਨ੍ਹਾਂ ਦਾ ਪੰਜਾਬੀ ਸੰਗੀਤ ਨਾਲ ਦੂਰ ਦਾ ਵਾਹ ਵਾਸਤਾ ਨਹੀਂ ਸੀ। ਇਸ ਰੁਝਾਨ ਨੂੰ ‘ਖਪਤ ਸੱਭਿਆਚਾਰ’ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਰੁਝਾਨ ਤਹਿਤ ਵਪਾਰੀ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਦੌੜ ਵਿੱਚ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਸਰੋਤਿਆਂ ਨੂੰ ਭਰਮਾਉਣ ਲਈ ਉਹ ਨੀਵੇਂ ਤੋਂ ਨੀਵੇਂ ਪੱਧਰ ਤੱਕ ਵੀ ਚਲੇ ਜਾਂਦੇ ਹਨ। ਇਸ ਰੁਝਾਨ ਦੇ ਰਗੜੇ ਹੋਏ ਧੁਰੰਦਰ ਗਾਇਕ ਅੱਜ ਘਰਾਂ ਵਿੱਚ ਬੈਠੇ ਹਨ। ਸ਼ੈਤਾਨ ਦਿਮਾਗ਼ਾਂ ਦੀ ਪਹੁੰਚ ਸਿਰਫ਼ ਧੰਨ ਕਮਾਊ ਪ੍ਰਵਿਰਤੀ ਤੱਕ ਸੀਮਤ ਹੋ ਕੇ ਰਹਿ ਗਈ। ਉਨ੍ਹਾਂ ਲਈ ਗੀਤ ਸੰਗੀਤ ਆਮ ਚੀਜ਼ਾਂ ਵੇਚਣ ਦੀ ਤਰ੍ਹਾਂ ਹੈ। ਇਸ ਵਪਾਰ ਦੇ ਜ਼ਰੀਏ ਜੋ ਜ਼ਹਿਰ ਪੰਜਾਬ ਦੀ ਧਰਤੀ ’ਤੇ ਫੈਲਾਇਆ ਗਿਆ, ਇਸ ਦੇ ਸਿੱਟੇ ਬਹੁਤ ਮਾੜੇ ਨਿਕਲਣੇ ਸ਼ੁਰੂ ਹੋ ਗਏ। ਸਕਾਰਾਤਮਕ ਪਹਿਲੂ ਦੇ ਸਿੱਟੇ ਸਾਰਥਿਕ ਤੇ ਸ਼ੁੱਭ ਹੁੰਦੇ ਹਨ ਜਦਕਿ ਨਕਾਰਾਤਮਕ ਦੇ ਸਿੱਟੇ ਮਾਰੂ ਤੇ ਘਾਤਕ ਹੁੰਦੇ ਹਨ।
ਸੈਟੇਲਾਈਟ ਚੈਨਲਾਂ ਤੇ ਨਵੇਂ ਵਿਕਸਤ ਹੋਏ ਸੰਗੀਤਕ ਸਾਧਨਾਂ ਕਰਕੇ ਜਿੱਥੇ ਪੰਜਾਬੀ ਗਾਇਕੀ ਵਿਸ਼ਵ ਪੱਧਰ ’ਤੇ ਪਛਾਣ ਬਣਾਉਣ ਵਿੱਚ ਸਫਲ ਹੋਈ ਹੈ, ਉੱਥੇ ਨਕਾਰਾਤਮਕ ਪਹਿਲੂਆਂ ਸਦਕਾ ਪੰਜਾਬੀ ਗਾਇਕੀ ਇੱਕ ਅਜਿਹੇ ਰੁਝਾਨ ਵੱਲ ਰੁਚਿਤ ਹੋਈ ਹੈ ਜਿਸ ਨਾਲ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਲਈ ਬਹੁਤ ਵੱਡਾ ਖ਼ਤਰਾ ਖੜ੍ਹਾ ਹੋ ਗਿਆ। ਵਪਾਰੀਆਂ ਨੇ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਮੁਨਾਫੇ ਵਾਲਾ ਵਪਾਰ ਬਣਾ ਕੇ ਇਸ ਸੂਖਮ ਕਲਾ ਤੇ ਮਿਹਨਤਕਸ਼ ਪੰਜਾਬੀਆਂ ਦੇ ਦਿਲਾਂ ਨੂੰ ਸਕੂਨ ਦੇਣ ਵਾਲੀ ਅਣਮੁੱਲੀ ਦਾਤ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ। ਜੀਅ ਸਦਕੇ ਵਪਾਰ ਕਰੋ, ਪਰ ਇਸ ਦੇ ਨਾਲ ਨਾਲ ਪੰਜਾਬੀਆਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਬਹਾਲੀ ਨੂੰ ਕਾਇਮ ਰੱਖਣਾ ਵੀ ਅਤਿ ਜ਼ਰੂਰੀ ਹੋਣ ਚਾਹੀਦਾ ਹੈ। ਇਸ ਤਰ੍ਹਾਂ ਦਾ ਵਪਾਰ ਅਰਥ ਸ਼ਾਸਤਰ ਦੀ ਕਸੌਟੀ ’ਤੇ ਵੀ ਖਰਾ ਨਹੀਂ ਉਤਰਦਾ ਕਿਉਂਕਿ ਸੰਗੀਤ ਦਾ ਸਬੰਧ ਸਰੀਰਕ ਲੋੜਾਂ ਨਾਲ ਨਹੀਂ ਸਗੋਂ ਦਿਮਾਗ਼ ਨੂੰ ਸ਼ਾਂਤੀ ਪ੍ਰਦਾਨ ਕਰਨ ਨਾਲ ਹੈ, ਮਨ ਨੂੰ ਸਕੂਨ ਦੇਣ ਦੇ ਨਾਲ ਹੈ। ਮਨ ਦੀ ਸ਼ਾਂਤੀ ਕਦੇ ਵੀ ਪੈਸੇ ਨਾਲ ਨਹੀਂ ਖ਼ਰੀਦੀ ਜਾ ਸਕਦੀ। ਵਪਾਰੀ ਵਰਗ ਵੱਲੋਂ ਵਿਛਾਏ ਜਾਲ ਵਿੱਚ ਅੱਜ ਕੰਪਨੀ ਮਾਲਕ, ਗਾਇਕ ਤੇ ਪੰਜਾਬੀ ਸਰੋਤਾ ਤਿੰਨੋਂ ਹੀ ਫਸ ਕੇ ਭਟਕ ਰਹੇ ਹਨ।
ਇਨ੍ਹਾਂ ਹਾਲਤਾਂ ਦੇ ਬਾਵਜੂਦ ਪੰਜਾਬੀ ਗਾਇਕੀ ਦੇ ਸੁਹਿਰਦ ਕਲਾਕਾਰ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜੁਟਾਉਂਦੇ ਆ ਰਹੇ ਹਨ ਕਿ ਇਸ ਉੱਪਰ ਪਏ ਪ੍ਰਭਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਆਪਣੇ ਵਿਰਸੇ ਤੇ ਸੱਭਿਆਚਾਰ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਇਨ੍ਹਾਂ ਵਿੱਚ ਗੁਰਦਾਸ ਮਾਨ, ਹਰਭਜਨ ਮਾਨ, ਸਤਿੰਦਰ ਸਰਤਾਜ, ਪੰਮੀ ਬਾਈ, ਮਨਮੋਹਨ ਵਾਰਿਸ, ਕਮਲ ਹੀਰ ਆਦਿ ਕੁਝ ਕੁ ਉਂਗਲਾਂ ’ਤੇ ਗਿਣੇ ਜਾਣ ਗੋਚਰੇ ਕਲਾਕਾਰਾਂ ਦੇ ਨਾਵਾਂ ਨੂੰ ਸ਼ੁਮਾਰ ਕੀਤਾ ਜਾ ਸਕਦਾ ਹੈ।
ਅਜੋਕੀ ਪੰਜਾਬੀ ਗਾਇਕੀ ਮੌਜੂਦਾ ਦੌਰ ਦੇ ਇੱਕ ਖਲਾਅ ’ਚੋਂ ਗੁਜ਼ਰ ਰਹੀ ਹੈ। ਇੱਕ ਦੋ ਗਾਇਕਾਂ ਤੋਂ ਸਿਵਾਏ ਕੋਈ ਵੀ ਗਾਇਕ ਆਪਣੀ ਪੂਰੀ ਐਲਬਮ (ਡਿਸਕ) ਰਿਲੀਜ਼ ਕਰਨ ਦਾ ਹੀਆ ਨਹੀਂ ਰੱਖਦਾ। ਗਾਇਕੀ ਸੁਣਨ ਨਾਲੋਂ ਦੇਖਣ ਦੀ ਚੀਜ਼ ਬਣਾ ਕੇ ਰੱਖ ਦਿੱਤੀ ਹੈ। ਸੋਸ਼ਲ ਮੀਡੀਆ, ਜਿਸ ਨੂੰ ਗਾਇਕਾਂ ਨੇ ਕੁਝ ਸਮਾਂ ਪਹਿਲਾਂ ਸਰੋਤਿਆਂ ਦੀ ਨਬਜ਼ ਟੋਹਣ ਦਾ ਵਸੀਲਾ ਬਣਾਇਆ ਸੀ, ਹੁਣ ਕਿਸੇ ਗਾਇਕ ਦੇ ਭਵਿੱਖ ਦਾ ਫੈਸਲਾਕੁੰਨ ਸਿੱਟਾ ਸਾਹਮਣੇ ਲਿਆਉਣ ਤੋਂ ਪਾਸਾ ਵੱਟ ਗਿਆ ਜਾਪਦਾ ਹੈ। ‘ਪਰਖ ਦੀ ਕਸਵੱਟੀ’ ਦਾ ਇਹ ਜ਼ਰੀਆ ਵੀ ਸੰਗੀਤ ਦੇ ਖੇਤਰ ਵਿੱਚ ਪਰ ਤੋਲ ਰਹੇ ਗਾਇਕਾਂ ਲਈ ਸਾਜਗਾਰ ਸਿੱਧ ਨਹੀਂ ਹੋ ਰਿਹਾ। ਜਿਸ ਕਰਕੇ ਚੌਰਾਹੇ ’ਤੇ ਖੜ੍ਹਾ ਹਰ ਗਾਇਕ ਆਪਣੇ ਰਾਹ ਘੋਖਣ ਲਈ ਬੇਚੈਨ ਨਜ਼ਰ ਆ ਰਿਹਾ ਹੈ। ਇੱਕ ਗੱਲ ਜ਼ਰੂਰ ਤਸੱਲੀ ਦਿੰਦੀ ਹੈ ਕਿ ਨਵੇਂ ਗਾਇਕਾਂ ’ਚ ਇੱਕ ਡਰ ਪੈਦਾ ਹੋ ਰਿਹਾ ਹੈ ਕਿ ਘਟੀਆ ਤੇ ਹਲਕੇ ਕਿਸਮ ਦੀ ਗਾਇਕੀ ਦੇ ਪੈਰ ਚਿਰ ਸਥਾਈ ਇਸ ਖੇਤਰ ਵਿੱਚ ਨਹੀਂ ਟਿਕ ਸਕਦੇ। ਜਿਨ੍ਹਾਂ ਨੇ ਰਾਤੋ ਰਾਤ ਸਟਾਰ ਬਣਨ ਦੇ ਲਾਲਚ ਵੱਸ ਇਹ ਰਾਹ ਅਖ਼ਤਿਆਰ ਕੀਤਾ ਸੀ, ਉਹ ਪਛਤਾਵੇ ਵਿੱਚ ਇਹੀ ਪੁੱਛ ਰਹੇ ਹਨ ਕਿ ਇਸ ਅਕਸ ਤੋਂ ਛੁਟਕਾਰਾ ਕਿਵੇਂ ਹੋਊ? ਭਾਵੇਂ ਉਨ੍ਹਾਂ ਇਸ ਖੇਤਰ ਵਿੱਚ ਹੁਣ ਤੀਕ ਬੇ-ਅਥਾਹ ਸਰਮਾਇਆ ਕਮਾ ਲਿਆ ਹੋਵੇ ਤੇ ਸ਼ੁਹਰਤ ਵੀ ਰੱਜ ਕੇ ਖੱਟ ਲਈ ਹੋਵੇ।
ਪੰਜਾਬੀ ਸਰੋਤਾ ਹੁਣ ਐਨਾ ਕੁ ਸੰਜੀਦਾ ਤੇ ਸੁਹਿਰਦ ਹੋ ਗਿਆ ਹੈ ਕਿ ਉਸ ਨੂੰ ਚੰਗੇ ਮਾੜੇ ਦੀ ਪਰਖ ਹੋਣ ਲੱਗ ਪਈ ਹੈ। ਨਵੀਂ ਪੀੜ੍ਹੀ ਭਾਵੇਂ ਹਾਲੇ ਵੀ ਊਟ ਪਟਾਂਗ ਗਾ ਰਹੇ ਗਾਇਕਾਂ ਨੂੰ ਪਸੰਦ ਕਰੀ ਜਾ ਰਹੀ ਹੈ, ਪਰ ਵਧੇਰੇ ਕਰਕੇ ਪੰਜਾਬੀ ਸਰੋਤਾ ਚੰਗੀ ਗਾਇਕੀ ਨੂੰ ਹੀ ਤਰਜੀਹ ਦਿੰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਅਸੀਂ ਅਜੋਕੀ ਪੰਜਾਬੀ ਗਾਇਕੀ ਦੇ ਭਵਿੱਖ ਲਈ ਸ਼ੁਭ ਸ਼ਗਨ ਮੰਨਦੇ ਹਾਂ। ਇੱਕ ਰੁਝਾਨ ਅਜਿਹਾ ਆਉਣਾ ਸ਼ੁਰੂ ਹੋ ਗਿਆ ਹੈ ਕਿ ਸਰੋਤਾ ਗੀਤਾਂ ਦੇ ਬੋਲਾਂ ਨੂੰ ਸਮਝਣ ਤੇ ਮਾਣਨ ਵੱਲ ਰੁਚਿਤ ਹੋਣ ਲੱਗ ਪਿਆ ਹੈ। ਪੰਜਾਬੀ ਗਾਇਕੀ ਦੇ ਭਵਿੱਖ ਵਿੱਚ ਕੁਝ ਸੰਕੇਤ ਮਾਤਰ ਰੁਝਾਨਾਂ ਦੇ ਪੈਦਾ ਹੋਣ ਦੇ ਆਸਾਰ ਹਨ ਕਿ ਸੰਜੀਦਾ ਤੇ ਉਸਾਰੂ ਗਾਇਕੀ ਦਾ ਯੁੱਗ ਮੁੜ ਪਰਤੇਗਾ। ਸੰਗੀਤ ਪ੍ਰੇਮੀ ਪੰਜਾਬੀ ਗਾਇਕੀ ਨੂੰ ਮਨੋਰੰਜਨ ਦੇ ਸਾਧਨ ਵਜੋਂ ਸੁਣ ਸਕਣ ਦੇ ਸਮਰੱਥ ਹੋਣਗੇ।
![]()
