ਵਿਸ਼ਵ ਸ਼ਾਂਤੀ ਲਈ ਵੱਡਾ ਖ਼ਤਰਾ ਹਨ ਜੰਗਾਂ

In ਮੁੱਖ ਲੇਖ
April 20, 2026

ਕੁਝ ਦਿਨ ਪਹਿਲਾਂ ਅਮਰੀਕਾ-ਇਜ਼ਰਾਇਲ ਤੇ ਇਰਾਨ ਵਿਚਾਲੇ ਜੰਗਬੰਦੀ ਹੋਈ ਸੀ। ਅਮਰੀਕਾ ਤੇ ਇਰਾਨ ਨੇ ਇਸ ਦਾ ਸਿਹਰਾ ਪਾਕਿਸਤਾਨ ਨੂੰ ਦਿੱਤਾ ਸੀ। ਬਾਅਦ ’ਚ ਇਹ ਸਪੱਸ਼ਟ ਹੋਇਆ ਕਿ ਪਾਕਿਸਤਾਨ ਦੀ ਭੂਮਿਕਾ ਮੁੱਖ ਤੌਰ ’ਤੇ ਸੰਦੇਸ਼ਵਾਹਕ ਦੀ ਹੀ ਸੀ। ਇਸ ’ਤੇ ਭਾਰਤ ਦੀ ਭੂਮਿਕਾ ਨੂੰ ਲੈ ਕੇ ਵੀ ਚਰਚਾ ਹੋਈ ਤੇ ਕੁਝ ਹਲਕਿਆਂ ’ਚ ਇਹ ਨਿੰਦਾ ਸਾਹਮਣੇ ਆਈ ਕਿ ਉਸ ਦੀ ਭੂਮਿਕਾ ਨੂੰ ਵਾਜਬ ਮਾਨਤਾ ਨਹੀਂ ਮਿਲੀ। ਪਾਕਿਸਤਾਨ ਸੁੰਨੀ ਬਹੁ ਗਿਣਤੀ ਵਾਲਾ ਦੇਸ਼ ਹੈ, ਜਦਕਿ ਇਰਾਨ ਸ਼ੀਆ ਬਹੁ ਗਿਣਤੀ ਵਾਲਾ। ਇਸ ਦੇ ਬਾਵਜੂਦ ਕੁਝ ਦੇਸ਼ਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸ਼ੀਆ ਜਾਂ ਸੁੰਨੀ ਦੇ ਰੂਪ ’ਚ ਨਹੀਂ, ਬਲਕਿ ਵਿਆਪਕ ਰੂਪ ਨਾਲ ਮੁਸਲਮਾਨ ਦੇ ਰੂਪ ’ਚ ਦੇਖਦੇ ਹਨ ਤੇ ਆਲਮੀ ਪੱਧਰ ’ਤੇ ਉਨ੍ਹਾਂ ਦੇ ਹਿੱਤ ਆਪਸ ’ਚ ਜੁੜੇ ਹੋਏ ਹਨ। ਇਸੇ ਸੰਦਰਭ ’ਚ ਕਸ਼ਮੀਰ ’ਚ ਇਰਾਨ ਦੇ ਸਮਰਥਨ ’ਚ ਪੈਸਾ ਇਕੱਠਾ ਕਰਨ ਦੀਆਂ ਸਰਗਰਮੀਆਂ ਸਾਹਮਣੇ ਆਈਆਂ, ਜਦਕਿ ਭਾਰਤ ਦਾ ਇਸ ਸੰਘਰਸ਼ ਨਾਲ ਕੋਈ ਸਬੰਧ ਨਹੀਂ।
ਪਿਛਲੇ ਦਿਨੀਂ ਸੈਮੂਅਲ ਪੀ. ਹੰਟਿੰਗਟਨ ਦੀ ਕਿਤਾਬ ‘ਕਲੈਸ਼ ਆਫ ਸਿਵਿਲਾਈਜ਼ੇਸ਼ਨਸ’ ਮੁੜ ਤੋਂ ਪੜ੍ਹੀ। ਉਹ ਲਿਖਦੇ ਹਨ, ‘ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਵਿਸ਼ਵ ਇੱਕ ਧਰੁਵੀ ਹੋ ਗਿਆ ਹੈ। ਆਉਣ ਵਾਲੇ ਸਮੇਂ ’ਚ ਸੰਘਰਸ਼ ਰਾਸ਼ਟਰਾਂ ਵਿਚਾਲੇ ਨਹੀਂ, ਸੱਭਿਆਤਾਵਾਂ ਵਿਚਾਲੇ ਹੋਵੇਗਾ। ਮਹਾਸ਼ਕਤੀਆਂ ਵਿਚਾਲੇ ਮੁਕਾਬਲਾ ਸੱਭਿਅਤਾਵਾਂ ਦੇ ਟਕਰਾਅ ਦੇ ਰੂਪ ’ਚ ਜ਼ਾਹਰ ਹੋਵੇਗਾ। ਇਹ ਸੰਘਰਸ਼ ਆਲਮੀ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਬਣ ਸਕਦਾ ਹੈ। ਇਹ ਸੰਘਰਸ਼ ਕਿਸੇ ਇੱਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ ਰਹੇਗਾ, ਵਿਆਪਕ ਪੱਧਰ ’ਤੇ ਫੈਲ ਸਕਦਾ ਹੈ।
ਅੱਜ ਲੋਕ ਆਧੁਨਿਕ ਪਛਾਣ ਦੇ ਨਾਲ-ਨਾਲ ਆਪਣੀ ਰਵਾਇਤੀ ਪਛਾਣ ਨੂੰ ਵੀ ਦੁਬਾਰਾ ਲੱਭ ਰਹੇ ਹਨ। ਇਸੇ ਕਾਰਨ ਉਨ੍ਹਾਂ ਨੇ ਨਵੇਂ ਹਾਲਾਤ ਦੇ ਨਾਲ-ਨਾਲ ਪੁਰਾਣੇ ਟਕਰਾਅ ਨੂੰ ਨਾਲ ਬਣਾਇਆ ਹੋਇਆ ਹੈ ਤੇ ਉਨ੍ਹਾਂ ਨੂੰ ਭੁੱਲਣ ਲਈ ਤਿਆਰ ਨਹੀਂ ਹਨ। ਭਵਿੱਖ ’ਚ ਸੰਘਰਸ਼ ਸਿਰਫ਼ ਆਰਥਿਕ ਗ਼ੈਰਬਰਾਬਰੀਆਂ ਜਿਵੇਂ ਅਮੀਰ ਤੇ ਗ਼ਰੀਬ ਵਿਚਾਲੇ ਤੱਕ ਸੀਮਤ ਨਹੀਂ ਰਹੇਗਾ, ਬਲਕਿ ਵੱਖ-ਵੱਖ ਸੱਭਿਅਤਾਵਾਂ ਵਿਚਾਲੇ ਵੱਧ ਤੀਬਰ ਰੂਪ ’ਚ ਸਾਹਮਣੇ ਆਵੇਗਾ। ਇਹ ਇਤਿਹਾਸ ਦਾ ਇੱਕ ਬਹੁਤ ਪੇਚੀਦਾ ਤੇ ਚੁਣੌਤੀਪੂਰਨ ਦੌਰ ਹੋ ਸਕਦਾ ਹੈ। ਸੱਭਿਅਤਾਵਾਂ ਦੇ ਰੂਪ ’ਚ ਉਹ ਪੱਛਮੀ, ਦੱਖਣੀ ਅਮਰੀਕੀ, ਅਫਰੀਕੀ, ਇਸਲਾਮਿਕ, ਸਿਨਿਕ, ਹਿੰਦੂ, ਆਰਥੋਡਾਕਸ, ਬੌਧ ਤੇ ਜਾਪਾਨੀ ਸੱਭਿਅਤਾਵਾਂ ਦਾ ਜ਼ਿਕਰ ਕਰਦੇ ਹਨ।
ਅਮਰੀਕੀ ਸਿਆਸਤਦਾਨ ਹੈਨਰੀ ਕਿਸਿੰਜਰ ਨੇ ਇੱਕ ਵਾਰ ਕਿਹਾ ਸੀ ਕਿ 21ਵੀਂ ਸਦੀ ’ਚ ਛੇ ਵੱਡੀਆਂ ਤਾਕਤਾਂ ਹੋਣਗੀਆਂ, ਅਮਰੀਕਾ,ਯੂਰਪ, ਚੀਨ, ਜਾਪਾਨ, ਰੂਸ ਤੇ ਸੰਭਵ ਤੌਰ ’ਤੇ ਭਾਰਤ। ਉਥੇ ਸੈਮੂਅਲ ਹੰਟਿੰਗਟਨ ਨੇ ਚੀਨ, ਵੀਅਤਨਾਮ ਤੇ ਜਾਪਾਨ ਨੂੰ ਵੱਖ-ਵੱਖ ਸੱਭਿਅਤਾਵਾਂ ਦੇ ਰੂਪ ’ਚ ਦੇਖਿਆ। ਇਨ੍ਹਾਂ ਖੇਤਰਾਂ ’ਚ ਬੌਧ ਪਰੰਪਰਾ ਦਾ ਵੱਡਾ ਅਸਰ ਹੈ। ਇਸੇ ਤਰ੍ਹਾਂ ਅਫਰੀਕਾ ’ਚ ਮੁਸਲਮਾਨਾਂ ਤੇ ਈਸਾਈਆਂ ਦੀ ਵੱਡੀ ਆਬਾਦੀ ਹੈ, ਜਦਕਿ ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਯੂਰਪ ਤੇ ਰੂਸ ਮੁੱਖ ਤੌਰ ’ਤੇ ਇਸਾਈ ਬਹੁ-ਗਿਣਤੀ ਖੇਤਰ ਹਨ।
ਹੰਟਿੰਗਟਨ ਦਾ ਮਤ ਹੈ ਕਿ ਸਿਨਿਕ (ਚੀਨੀ) ਤੇ ਜਾਪਾਨੀ ਸੱਭਿਅਤਾਵਾਂ ਨੇ ਆਪਣੇ ਆਪ ਨੂੰ ਆਰਥਿਕ ਆਧਾਰ ’ਤੇ ਆਧੁਨਿਕ ਬਣਾਇਆ ਹੈ, ਜਦਕਿ ਇਸਲਾਮਿਕ ਵਿਸ਼ਵ ਆਪਣੀ ਪਛਾਣ ਨੂੰ ਆਰਥਿਕ ਆਧਾਰ ’ਤੇ ਘੱਟ, ਬਲਕਿ ਸੱਭਿਆਚਾਰਕ ਤੇ ਪੰਥਕ ਆਧਾਰ ’ਤੇ ਵੱਧ ਮਜ਼ਬੂਤ ਕਰਦਾ ਹੈ। ਨਾਲ ਹੀ ਪੱਛਮੀ ਕਦਰਾਂ-ਕੀਮਤਾਂ ਦੇ ਪ੍ਰਤੀ ਉਨ੍ਹਾਂ ਦਾ ਆਲੋਚਨਾਤਮਕ ਨਜ਼ਰੀਆ ਵੀ ਅਕਸਰ ਸਾਹਮਣੇ ਆਉਂਦਾ ਹੈ। ਹਾਲਾਂਕਿ ਇਹ ਵੀ ਇੱਕ ਤੱਥ ਹੈ ਕਿ ਪੂਰੇ ਵਿਸ਼ਵ ’ਚ ਪੱਛਮ ਵੱਲੋਂ ਵਿਕਸਤ ਅਨੇਕ ਤਕਨੀਕਾਂ ਤੇ ਉਤਪਾਦਾਂ ਦਾ ਵਿਆਪਕ ਉਪਯੋਗ ਹੁੰਦਾ ਹੈ। ਆਧੁਨਿਕ ਤਕਨੀਕ ਅਪਣਾਉਣ ਦੇ ਬਾਵਜੂਦ ਸਮਾਜ ਆਪਣੀ ਰਵਾਇਤੀ ਪਛਾਣ ਤੇ ਸੱਭਿਆਚਾਰਕ ਤੌਰ-ਤਰੀਕਿਆਂ ਨੂੰ ਵੀ ਬਣਾਈ ਰੱਖਣਾ ਚਾਹੁੰਦਾ ਹੈ। ਪੱਛਮੀ ਦੇਸ਼ਾਂ ’ਚ ਵੀ ਹੁਣ ਪੰਥ ਦੇ ਪ੍ਰਤੀ ਪਹਿਲਾਂ ਵਰਗਾ ਵਿਰੋਧ ਦਿਖਾਈ ਨਹੀਂ ਦਿੰਦਾ। ਕਈ ਸਥਾਨਾਂ ’ਤੇ ਐਤਵਾਰ ਨੂੰ ਵੱਡੀ ਗਿਣਤੀ ’ਚ ਲੋਕ ਚਰਚ ਜਾਂਦੇ ਹਨ। ਇਸ ਕਾਰਨ ਪੰਥ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਵੱਖ ਕਰਨ ਦੀ ਧਾਰਨਾ ਹੁਣ ਪਹਿਲਾਂ ਵਰਗੀ ਅਸਰਦਾਰ ਨਹੀਂ ਰਹਿ ਗਈ ਹੈ।
ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਵਿਕਸਤ ਹੋਈਆਂ ਮਹੱਤਵਪੂਰਨ ਕਦਰਾਂ-ਕੀਮਤਾਂ ਜਿਵੇਂ-ਆਜ਼ਾਦੀ, ਭਾਈਚਾਰਾ ਤੇ ਬਰਾਬਰੀ ਅੱਜ ਚੁਣੌਤੀ ਦੇ ਦੌਰ ’ਚੋਂ ਗੁਜ਼ਰ ਰਹੀਆਂ ਹਨ। ਹੁਣ ਹਰੇਕ ਸਮਾਜ ਤੇ ਰਾਸ਼ਟਰ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਨ ਦੀ ਦੌੜ ’ਚ ਲੱਗਾ ਦਿਖਾਈ ਦੇ ਰਿਹਾ ਹੈ। ਆਪਣੇ ਸੱਭਿਆਚਾਰ, ਖਾਣ-ਪੀਣ ਤੇ ਜੀਵਨ ਸ਼ੈਲੀ ਨੂੰ ਸਰਬੋਤਮ ਦੱਸਣ ਦੀ ਬਿਰਤੀ ਵਧ ਰਹੀ ਹੈ, ਜਦਕਿ ਹੋਰਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ।
ਮਜ਼ਹਬ ਦੇ ਆਧਾਰ ’ਤੇ ਨਵੇਂ-ਨਵੇਂ ਗਠਜੋੜਾਂ ਤੇ ਸਮਝੌਤਿਆਂ ਦੀ ਬਿਰਤੀ ਵੀ ਉੱਭਰ ਰਹੀ ਹੈ। ਨਾਟੋ ’ਚ ਤੁਰਕੀਏ ਨੂੰ ਛੱਡ ਕੇ ਜ਼ਿਆਦਾਤਰ ਦੇਸ਼ ਈਸਾਈ ਬਹੁ ਗਿਣਤੀ ਵਾਲੇ ਹਨ। ਇਸਲਾਮਿਕ ਦੇਸ਼ਾਂ ’ਚ ਵੀ ਸਮਾਨ ਬਿਰਤੀ ਦੇ ਗਠਜੋੜ ਦੀਆਂ ਚਰਚਾਵਾਂ ਉੱਠਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਸਾਊਦੀ ਅਰਬ ਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਨੂੰ ਵੀ ਇਸੇ ਸੰਦਰਭ ’ਚ ਦੇਖਿਆ ਜਾ ਸਕਦਾ ਹੈ, ਜਿੱਥੇ ਇਕ ’ਤੇ ਹਮਲਾ ਦੂਜੇ ’ਤੇ ਹਮਲਾ ਮੰਨਿਆ ਜਾਵੇਗਾ।
ਜੇਕਰ ਦੁਨੀਆ ਦੇ ਸਾਰੇ ਇਸਾਈ, ਇਸਲਾਮਿਕ ਜਾਂ ਹੋਰ ਪੰਥਕ ਆਧਾਰ ਵਾਲੇ ਦੇਸ਼ ਇਸੇ ਤਰ੍ਹਾਂ ਇਕਜੁਟ ਹੋ ਕੇ ਫ਼ੌਜੀ ਜਾਂ ਸਿਆਸੀ ਮੋਰਚੇ ਬਣਾ ਲੈਣ ਤਾਂ ਵਿਸ਼ਵ ਪੱਧਰੀ ਹਾਲਾਤ ਬਹੁਤ ਪੇਚੀਦਾ ਤੇ ਅਸਥਿਰ ਹੋ ਸਕਦੇ ਹਨ। ਇਸ ਕਾਰਨ ਵਿਸ਼ਵ ਲਗਾਤਾਰ ਸੰਘਰਸ਼ਾਂ ’ਚ ਉਲਝਿਆ ਰਹਿ ਸਕਦਾ ਹੈ-ਕਦੀ ਮਜ਼ਹਬ, ਕਦੀ ਸਰਹੱਦਾਂ ਲਈ ਤਾਂ ਕਦੀ ਭਾਸ਼ਾ ਤੇ ਖੇਤਰੀ ਆਧਾਰ ਕਾਰਨ। ਇਕ ਦੇਸ਼ ’ਤੇ ਹਮਲਾ ਹੋਣ ’ਤੇ ਇਕੋ ਜਿਹੇ ਪੰਥ ਜਾਂ ਸੱਭਿਅਤਾ ਦੇ ਆਧਾਰ ’ਤੇ ਹੋਰ ਦੇਸ਼ ਵੀ ਸੰਘਰਸ਼ ’ਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਆਲਮੀ ਤਣਾਅ ਹੋਰ ਵਧੇਗਾ।
ਇਹ ਇੱਕ ਚਿੰਤਾਜਨਕ ਤੇ ਡਰਾਉਣੇ ਹਾਲਾਤ ਵੱਲ ਸੰਕੇਤ ਕਰਦਾ ਹੈ। ਅਸੀਂ ਪੰਥ ਜਾਂ ਸੱਭਿਅਤਾ ਦੀ ਉੱਤਮਤਾ ਦਾ ਕਿੰਨਾ ਹੀ ਦਾਅਵਾ ਕਰੀਏ, ਜੀਵਨ ਦੇ ਮੁੱਢਲੇ ਆਧਾਰ ਜਿਵੇਂ-ਭੋਜਨ, ਰੋਜ਼ੀ-ਰੋਟੀ ਤੇ ਆਰਥਿਕ ਸਥਿਰਤਾ ਹੀ ਸਭ ਤੋਂ ਮਹੱਤਵਪੂਰਨ ਹਨ। ਇਸ ਲਈ ਜ਼ਰੂਰੀ ਹੈ ਕਿ ਵਿਸ਼ਵ ਪੰਥਕ ਜਾਂ ਸੱਭਿਆਚਾਰਕ ਪਛਾਣਾਂ ਦੇ ਆਧਾਰ ’ਤੇ ਵੰਡੇ ਜਾਣ ਦੀ ਥਾਂ ਆਰਥਿਕ ਵਿਕਾਸ ਤੇ ਸਹਿਯੋਗ ਨੂੰ ਤਰਜੀਹ ਦੇਵੇ। ਅਮੀਰ ਦੇਸ਼ਾਂ ਨੂੰ ਆਪਣੇ ਲਾਭ ਤੋਂ ਅੱਗੇ ਵਧ ਕੇ ਗ਼ਰੀਬ ਤੇ ਸਾਧਨਹੀਣ ਦੇਸ਼ਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਨਹੀਂ ਤਾਂ ਆਲਮੀ ਗ਼ੈਰ-ਬਰਾਬਰੀਆਂ ਤੇ ਸੰਘਰਸ਼ ਮਨੁੱਖਤਾ ਦੇ ਭਵਿੱਖ ਨੂੰ ਗ਼ੈਰਯਕੀਨੀ ਬਣਾ ਸਕਦੇ ਹਨ।
ਸ਼ਮਾ ਸ਼ਰਮਾ
(ਲੇਖਿਕਾ ਸਾਹਿਤਕਾਰ ਹੈ)।

Loading