ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ਬਦਾਂ ਦੀ ਚੋਣ ਕੇਵਲ ਭਾਸ਼ਾ ਦਾ ਵਿਸ਼ਾ ਨਹੀਂ ਹੁੰਦੀ, ਸਗੋਂ ਇਹ ਦੋ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਸਤਿਕਾਰ ਦੀ ਗਵਾਹੀ ਭਰਦੀ ਹੈ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ‘ਟਰੂਥ ਸੋਸ਼ਲ’ ’ਤੇ ਸਾਂਝੀ ਕੀਤੀ ਗਈ ਇੱਕ ਪੋਸਟ, ਜਿਸ ਵਿੱਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨੂੰ ‘ਹੈਲਹੋਲ’ (ਨਰਕ ਵਰਗਾ ਦੇਸ਼) ਕਿਹਾ ਗਿਆ ਹੈ, ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤੀ ਮੀਡੀਆ ਅਤੇ ਸਰਕਾਰ ਅਮਰੀਕਾ ਨਾਲ ਗੂੜ੍ਹੇ ਹੁੰਦੇ ਸਬੰਧਾਂ ਦੇ ਦਾਅਵੇ ਕਰ ਰਹੀ ਹੈ।
ਟਰੰਪ ਵੱਲੋਂ ਸਾਂਝਾ ਕੀਤਾ ਗਿਆ ਪੱਤਰ ਅਸਲ ਵਿੱਚ ਅਮਰੀਕਾ ਦੀ ‘ਜਨਮ ਤੋਂ ਨਾਗਰਿਕਤਾ’ ਨੀਤੀ ’ਤੇ ਹਮਲਾ ਕਰਦਾ ਹੈ। ਪੱਤਰ ਵਿੱਚ ਤਰਕ ਦਿੱਤਾ ਗਿਆ ਹੈ ਕਿ ਪ੍ਰਵਾਸੀ ਅਮਰੀਕਾ ਵਿੱਚ ਬੱਚਾ ਪੈਦਾ ਕਰਕੇ ਨਾਗਰਿਕਤਾ ਹਾਸਲ ਕਰਦੇ ਹਨ ਅਤੇ ਫਿਰ ਆਪਣੇ ਪਰਿਵਾਰਾਂ ਨੂੰ ਭਾਰਤ ਵਰਗੇ ਨਰਕ ਦੇਸ਼ਾਂ ਤੋਂ ਉੱਥੇ ਬੁਲਾ ਲੈਂਦੇ ਹਨ।
ਟਰੰਪ ਦੀ ਰਾਜਨੀਤੀ ਦਾ ਮੁੱਖ ਧੁਰਾ ਅਮਰੀਕਾ ਫਸਟ ਹੈ। ਉਹ ਗ਼ੈਰ-ਕਾਨੂੰਨੀ ਅਤੇ ਜ਼ਿਆਦਾ ਇਮੀਗ੍ਰੇਸ਼ਨ ਨੂੰ ਅਮਰੀਕੀ ਸਰੋਤਾਂ ’ਤੇ ਬੋਝ ਮੰਨਦੇ ਹਨ। ਉਨ੍ਹਾਂ ਨੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨੂੰ ਨਰਕ ਕਹਿ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉੱਥੋਂ ਦੇ ਲੋਕ ਆਪਣੇ ਮਾੜੇ ਦੇਸ਼ਾਂ ਨੂੰ ਛੱਡ ਕੇ ਅਮਰੀਕਾ ਦੀਆਂ ਸਹੂਲਤਾਂ (ਸਿਹਤ ਅਤੇ ਭਲਾਈ ਸਕੀਮਾਂ) ਦਾ ਨਾਜਾਇਜ਼ ਫ਼ਾਇਦਾ ਚੁੱਕਣ ਲਈ ਆਉਂਦੇ ਹਨ।
ਟਰੰਪ ਅਕਸਰ ਅਜਿਹੀ ਭੜਕਾਊ ਬਿਆਨਬਾਜ਼ੀ ਆਪਣੇ ਕੱਟੜ ਸਮਰਥਕਾਂ ਨੂੰ ਖ਼ੁਸ਼ ਕਰਨ ਲਈ ਕਰਦੇ ਹਨ। ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਅਮਰੀਕੀ ਸੱਭਿਆਚਾਰ ਅਤੇ ਆਰਥਿਕਤਾ ਨੂੰ ਬਾਹਰੀ ਲੋਕਾਂ ਤੋਂ ਬਚਾਉਣ ਵਾਲੇ ਇਕਲੌਤੇ ਨੇਤਾ ਹਨ। ਇਸ ਪੋਸਟ ਰਾਹੀਂ ਉਨ੍ਹਾਂ ਨੇ ਅਮਰੀਕੀ ਮੱਧ ਵਰਗ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਹਵਾ ਦਿੱਤੀ ਹੈ ਜੋ ਮੰਨਦੇ ਹਨ ਕਿ ਪ੍ਰਵਾਸੀਆਂ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਅਤੇ ਟੈਕਸ ਦਾ ਪੈਸਾ ਖ਼ਰਚ ਹੋ ਰਿਹਾ ਹੈ।
ਭਾਰਤ ਅਤੇ ਅਮਰੀਕਾ ਵਿਚਾਲੇ ਇਸ ਵੇਲੇ ਅਹਿਮ ਵਪਾਰਕ ਸੌਦੇ ਅਤੇ ਰਣਨੀਤਕ ਗੱਲਬਾਤ ਚੱਲ ਰਹੀ ਹੈ। ਇਰਾਨ ਸੰਕਟ ਦੌਰਾਨ ਵੀ ਦੋਵਾਂ ਨੇਤਾਵਾਂ ਵਿਚਾਲੇ ਲੰਬੀ ਗੱਲਬਾਤ ਹੋਈ ਸੀ। ਅਜਿਹੇ ਨਾਜ਼ੁਕ ਮੋੜ ’ਤੇ ਅਮਰੀਕੀ ਰਾਸ਼ਟਰਪਤੀ ਦਾ ਇਹ ਰਵੱਈਆ ਦੱਸਦਾ ਹੈ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਦੋਸਤੀ ਨਾਲੋਂ ਹਿੱਤ ਅਤੇ ਵੋਟ ਬੈਂਕ ਦੀ ਰਾਜਨੀਤੀ ਜ਼ਿਆਦਾ ਭਾਰੂ ਹੁੰਦੀ ਹੈ। ਟਰੰਪ ਦਾ ਇਹ ਕਦਮ ਉਨ੍ਹਾਂ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੋ ਸਕਦਾ ਹੈ, ਪਰ ਕਿਸੇ ਦੋਸਤ ਦੇਸ਼ ਦੇ ਸਤਿਕਾਰ ਦੀ ਕੀਮਤ ’ਤੇ ਅਜਿਹੀ ਬਿਆਨਬਾਜ਼ੀ ਬਰਦਾਸ਼ਤਯੋਗ ਨਹੀਂ ਹੈ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਚੋਣ ਪ੍ਰਚਾਰ ਜਾਂ ਅੰਦਰੂਨੀ ਨੀਤੀਆਂ ਦੀ ਆੜ ਵਿੱਚ ਕਿਸੇ ਮਿੱਤਰ ਦੇਸ਼ ਦੇ ਵਿਰੁੱਧ ਅਜਿਹੀ ਭਾਸ਼ਾ ਦੀ ਵਰਤੋਂ ਜਾਇਜ਼ ਹੈ? ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਅਮਰੀਕਾ ਦੇ ਵਿਕਾਸ ਵਿੱਚ ਭਾਰਤੀ ਪ੍ਰਵਾਸੀਆਂ ਦਾ ਯੋਗਦਾਨ ਬੇਮਿਸਾਲ ਹੈ। ਅਜਿਹੇ ਵਿੱਚ ਭਾਰਤ ਨੂੰ ਨਰਕ ਕਹਿਣਾ ਨਾ ਸਿਰਫ਼ ਦੇਸ਼ ਦਾ ਅਪਮਾਨ ਹੈ, ਸਗੋਂ ਉਨ੍ਹਾਂ ਲੱਖਾਂ ਭਾਰਤੀਆਂ ਦੀ ਮਿਹਨਤ ਦੀ ਵੀ ਤੌਹੀਨ ਹੈ ਜੋ ਅਮਰੀਕੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ।
ਵਿਰੋਧੀ ਧਿਰ ਨੇ ਮੋਦੀ ਨੂੰ ਘੇਰਿਆ
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ’ਤੇ ਕੇਂਦਰ ਸਰਕਾਰ ਦੀ ਚੁੱਪ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅਕਸਰ ਟਰੰਪ ਨਾਲ ਆਪਣੀ ਨਿੱਜੀ ਦੋਸਤੀ ਦਾ ਹਵਾਲਾ ਦਿੰਦੇ ਹਨ, ਨੂੰ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ। ਜਦੋਂ ਭਾਰਤੀ ਮੀਡੀਆ ਟਰੰਪ ਅਤੇ ਮੋਦੀ ਦੀ 40 ਮਿੰਟ ਦੀ ਫ਼ੋਨ ਕਾਲ ਨੂੰ ਇੱਕ ਵੱਡੀ ਕੂਟਨੀਤਕ ਜਿੱਤ ਵਜੋਂ ਪੇਸ਼ ਕਰਦਾ ਹੈ, ਤਾਂ ਅਜਿਹੀਆਂ ਅਪਮਾਨਜਨਕ ਘਟਨਾਵਾਂ ਵੇਲੇ ਉਸੇ ਮੀਡੀਆ ਦੀ ਚੁੱਪ ਹੈਰਾਨੀਜਨਕ ਹੈ। ਕੀ ਭਾਰਤ ਦੀ ਵਿਦੇਸ਼ ਨੀਤੀ ਇੰਨੀ ਕਮਜ਼ੋਰ ਹੋ ਗਈ ਹੈ ਕਿ ਅਸੀਂ ਇੱਕ ਸ਼ਕਤੀਸ਼ਾਲੀ ਦੇਸ਼ ਦੇ ਆਗੂ ਵੱਲੋਂ ਕੀਤੇ ਗਏ ਜਨਤਕ ਅਪਮਾਨ ਨੂੰ ਸਿਰਫ਼ ਇਸ ਲਈ ਨਜ਼ਰਅੰਦਾਜ਼ ਕਰ ਦੇਈਏ ਕਿ ਸਾਡੇ ਵਪਾਰਕ ਹਿੱਤ ਜੁੜੇ ਹੋਏ ਹਨ?
ਟਰੰਪ ਦਾ ਇਹ ਰਵੱਈਆ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਅਜਿਹੀਆਂ ਟਿੱਪਣੀਆਂ ਨਸਲੀ ਵਿਤਕਰੇ ਨੂੰ ਹਵਾ ਦੇ ਸਕਦੀਆਂ ਹਨ। ਜੇਕਰ ਇੱਕ ਦੇਸ਼ ਦਾ ਰਾਸ਼ਟਰਪਤੀ ਹੀ ਦੂਜੇ ਦੇਸ਼ਾਂ ਨੂੰ ਘਟੀਆ ਦੱਸੇਗਾ, ਤਾਂ ਉੱਥੋਂ ਦੇ ਆਮ ਨਾਗਰਿਕਾਂ ਵਿੱਚ ਪ੍ਰਵਾਸੀਆਂ ਪ੍ਰਤੀ ਨਫ਼ਰਤ ਵਧਣੀ ਲਾਜ਼ਮੀ ਹੈ।
ਕਾਂਗਰਸ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਸਬੰਧਾਂ ਵਿੱਚ ਸਤਿਕਾਰ ਦੋ-ਪਾਸੜ ਹੋਣਾ ਚਾਹੀਦਾ ਹੈ। ਭਾਰਤ ਇੱਕ ਉੱਭਰ ਰਹੀ ਵਿਸ਼ਵ ਸ਼ਕਤੀ ਹੈ ਅਤੇ ਕਿਸੇ ਵੀ ਦੇਸ਼ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਰਾਸ਼ਟਰ ਦੀ ਗਰਿਮਾ ਨੂੰ ਠੇਸ ਪਹੁੰਚਾਏ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਵਲ ਵਪਾਰਕ ਸੌਦਿਆਂ ’ਤੇ ਹੀ ਧਿਆਨ ਨਾ ਦੇਵੇ, ਸਗੋਂ ਰਾਸ਼ਟਰੀ ਸਵੈ-ਮਾਣ ਦੀ ਰਾਖੀ ਲਈ ਅਮਰੀਕੀ ਪ੍ਰਸ਼ਾਸਨ ਕੋਲ ਸਖ਼ਤ ਵਿਰੋਧ ਦਰਜ ਕਰਵਾਏ। ਜੇਕਰ ਅੱਜ ਇਸ ਅਪਮਾਨ ਦਾ ਵਿਰੋਧ ਨਾ ਕੀਤਾ ਗਿਆ, ਤਾਂ ਭਵਿੱਖ ਵਿੱਚ ਅਜਿਹੀਆਂ ਟਿੱਪਣੀਆਂ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਸਾਖ ਨੂੰ ਹੋਰ ਨੁਕਸਾਨ ਪਹੁੰਚਾ ਸਕਦੀਆਂ ਹਨ।
![]()
