ਡਾ. ਇੰਦਰਜੀਤ ਸਿੰਘ ਗੋਗੋਆਣੀ
ਇਤਿਹਾਸਕ ਦ੍ਰਿਸ਼ਟੀ ਤੋਂ ਪਤਾ ਲਗਦਾ ਹੈ ਕਿ 27 ਜੂਨ 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਦਰਬਾਰ ਖੇਰੂੰ-ਖੇਰੂੰ ਹੁੰਦਾ ਓੜਕ ਖ਼ਤਮ ਹੋ ਗਿਆ। 29 ਮਾਰਚ 1849 ਨੂੰ ਲਾਰਡ ਡਲਹੌਜੀ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ। ਅੰਗਰੇਜ਼ੀ ਸ਼ਾਸਨ ਸਥਾਪਤ ਹੋਣ ਉਪਰੰਤ ਇਸਾਈ ਮਿਸ਼ਨਰੀਆਂ ਨੂੰ ਸਰਕਾਰ ਦਾ ਸਮਰਥਨ, ਸਰਪ੍ਰਸਤੀ ਤੇ ਸਹਾਇਤਾ ਪ੍ਰਾਪਤ ਹੋਈ। ਨਵੇਂ-ਨਵੇਂ ਸਕੂਲ ਕਾਲਜ ਖੁੱਲ੍ਹ ਰਹੇ ਸਨ ਤੇ ਇਸਾਈ ਪ੍ਰਚਾਰਕ ਇਨ੍ਹਾਂ ਸਕੂਲਾਂ/ਕਾਲਜਾਂ ’ਚ ਆਪਣੇ ਮੱਤ ਦਾ ਪ੍ਰਚਾਰ ਕਰਦੇ ਸਨ।
1853 ਈ. ਨੂੰ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸਾਈ ਧਰਮ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸੇ ਸਾਲ ਅੰਮ੍ਰਿਸਤਰ ਵਿੱਚ ਕ੍ਰਿਸਚਨ ਸਕੂਲ ਖੁੱਲ੍ਹਿਆ ਅਤੇ ਕੁਝ ਕੁ ਸਾਲਾਂ ਵਿੱਚ ਪਾਦਰੀਆਂ ਨੇ ਅਨੇਕਾਂ ਪ੍ਰਚਾਰ ਸੈਂਟਰ ਕਾਇਮ ਕਰ ਲਏ। ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਰਨ ਤਾਰਨ ਦੇ ਪ੍ਰਸਿੱਧ ਗੁਰਦੁਆਰੇ ਸਰਕਾਰ ਦੇ ਪ੍ਰਬੰਧ ਅਧੀਨ ਹੋ ਗਏ। ਇਸਾਈ ਪ੍ਰਚਾਰਕਾਂ ਵੱਲੋਂ ਅਨੇਕਾਂ ਮਨਘੜਤ ਕਹਾਣੀਆਂ ਬਣਾ ਕੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਜਾਣ ਲੱਗਾ। 1855-56 ਈ. ਦੀ ਪੰਜਾਬ ਐਡਮਨਿਸਟ੍ਰੇਟਿਵ ਰਿਪੋਰਟ ਵਿੱਚ ਵੇਰਵਾ ਹੈ ਕਿ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਘਟ ਰਹੀ ਹੈ। ਤੱਤਸਾਰ ਹੈ ਕਿ ਸਿੱਖ ਧਰਮ ਦੀ ਸਿਧਾਂਤਕ ਸਿਰਮੌਰਤਾ ਤੇ ਸਮਾਜਿਕ ਏਕਤਾ ਗੰਭੀਰ ਸੰਕਟ ਦਾ ਸ਼ਿਕਾਰ ਸੀ।
1872 ਵਿੱਚ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਅੰਮ੍ਰਿਤਸਰ ਗੁਰੂ ਕੇ ਬਾਗ ਵਿਖੇ ਸਿੱਖ ਧਰਮ ਪ੍ਰਤੀ ਬਹੁਤ ਹੀ ਅਯੋਗ ਗੱਲਾਂ ਆਪਣੇ ਵਿਖਿਆਨ ’ਚ ਕਹੀਆਂ। ਸਿੱਖ ਸਮਾਜ ਨੇ ਦੁੱਖ ਤਾਂ ਬਹੁਤ ਮਨਾਇਆ ਪਰ ਅੰਗਰੇਜ਼ ਸਰਕਾਰ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਉਸ ਦੀ ਸੁਰੱਖਿਆ ਹੋਰ ਵਧਾ ਦਿੱਤੀ। 1873 ’ਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਅਤਰ ਸਿੰਘ, ਆਇਆ ਸਿੰਘ, ਸੰਤੋਖ ਸਿੰਘ ਤੇ ਸਾਧੂ ਸਿੰਘ ਨੇ ਇਸਾਈ ਧਰਮ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟਾਈ ਤਾਂ ਦਰਦਮੰਦ ਸਿੱਖਾਂ ਨੂੰ ਪਾਣੀ ਸਿਰਾਂ ਤੋਂ ਲੰਘਦਾ ਜਾਪਿਆ। ਕੁਝ ਨਾਮਵਰ ਸਿੱਖ ਸ. ਠਾਕੁਰ ਸਿੰਘ ਸੰਧਾਵਾਲੀਆ, ਭਾਈ ਮਈਆ ਸਿੰਘ, ਬਾਬਾ ਖੇਮ ਸਿੰਘ ਬੇਦੀ, ਕੰਵਰ ਬਿਕਰਮ ਸਿੰਘ ਕਪੂਰਥਲਾ, ਪ੍ਰੋ. ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਆਦਿ ਪੰਥ ਦਰਦੀਆਂ ਨੇ ਪਹਿਲੀ ਮੀਟਿੰਗ 30 ਜੁਲਾਈ 1873 ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਕੀਤੀ। ਇਸ ਸਮੇਂ ਆਏ ਮੁੱਖ ਵਾਕ ਦਾ ਪਹਿਲਾ ਅੱਖਰ ‘ਸ’ ਹੋਣ ਕਰਕੇ ਸਰਬਸੰਮਤੀ ਨਾਲ ਇਸ ਸੰਸਥਾ ਦਾ ਨਾਂਅ ਸਿੰਘ ਸਭਾ ਰੱਖਿਆ ਗਿਆ। ਲੰਬੀ ਵਿਚਾਰ ਤੋਂ ਬਾਅਦ 1 ਅਕੂਤਬਰ 1873 ਈ. ਨੂੰ ਦੁਸਹਿਰੇ ਵਾਲੇ ਦਿਨ ਬਾਅਦ ਦੁਪਹਿਰ ਦੋ ਵਜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਦਰਦਮੰਦ ਸਿੱਖਾਂ ਦਾ ਭਰਵਾਂ ਇਕੱਠ ਹੋਇਆ, ਜਿਸ ਵਿੱਚ ਪੁਜਾਰੀ, ਪ੍ਰੋਹਤ, ਗਿਆਨੀ, ਗ੍ਰੰਥੀ, ਉਦਾਸੀ, ਨਿਰਮਲੇ ਸਿੱਖਾਂ ਤੋਂ ਇਲਾਵਾ ਮੁੱਖ ਸਿੱਖ ਸਰਦਾਰ ਸ਼ਾਮਿਲ ਹੋਏ। ਇਸ ਸਭਾ ਵਿੱਚ ਸ. ਠਾਕੁਰ ਸਿੰਘ ਸੰਧਾਵਾਲੀਆ ਪ੍ਰਧਾਨ ਥਾਪੇ ਗਏ ਅਤੇ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਸਕੱਤਰ ਨਿਯੁਕਤ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਖੇਮ ਸਿੰਘ ਬੇਦੀ ਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਸਿੰਘ ਸਭਾ ਦੇ ਮੁਖੀਏ ਤੇ ਮੋਢੀ ਸਨ। ਇਹ ਸਭਾ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਨਾਂਅ ਹੇਠ ਐਕਟ 1860 ਅਧੀਨ ਰਜਿਸਟਰਡ ਹੋਈ। ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਉਦੇਸ਼ ਸਿੱਖੀ ਦਾ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਦੀ ਉੱਨਤੀ, ਪੁਸਤਕਾਂ, ਅਖ਼ਬਾਰ ਪ੍ਰਕਾਸ਼ਿਤ ਕਰਨੇ, ਨਵੀਆਂ ਸਿੰਘ ਸਭਾਵਾਂ ਸਥਾਪਤ ਕਰਨੀਆਂ, ਸਿੱਖੀ ਸਿਧਾਂਤਾਂ ਤੇ ਮਰਯਾਦਾ ’ਤੇ ਪਹਿਰੇਦਾਰੀ, ਖ਼ਾਲਸਾਈ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕਰਨੀ, ਆਪਣੀ ਨਿਆਰੀ ਹੋਂਦ ਬਾਰੇ ਧਾਰਮਿਕ ਚੇਤੰਨਤਾ ਪੈਦਾ ਕਰਨੀ ਆਦਿ ਸਨ।
ਹੁਣ ਥਾਂ-ਥਾਂ ਸਿੰਘ ਸਭਾਵਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ। ਇਹ ਕੌਮੀ ਜਾਗਰੂਕਤਾ ਤੇ ਚੇਤੰਨਤਾ ਦਾ ਵਹਾਅ ਸੀ। ਜੋ ਲੋਕ ਅਗਿਆਨਤਾ ਵਿਚ ਸਿੱਖੀ ਤੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਗਏ ਸਨ, ਉਨ੍ਹਾਂ ਦੀ ਵੱਡੇ ਪੱਧਰ ’ਤੇ ਘਰ ਵਾਪਸੀ ਹੋਈ। ਖ਼ਾਲਸਾ ਸਕੂਲ-ਕਾਲਜ ਖੋਲ੍ਹਣ ਦਾ ਰੁਝਾਨ ਬਣਿਆ। ਇਸਤਰੀ ਸਭਾਵਾਂ ਬਣੀਆਂ, ਸਤਿਸੰਗ ਸ਼ੁਰੂ ਹੋਏ ਅਤੇ ਲੜਕੀਆਂ ਦੀਆਂ ਪਾਠਸ਼ਾਲਾਵਾਂ ਦੀ ਸ਼ੁਰੂਆਤ ਹੋਈ। ਇਸ ਸਮੇਂ ਕੁਝ ਵਿਚਾਰਧਾਰਕ ਵਖਰੇਵੇਂ ਕਰਕੇ 1879 ਵਿਚ ਸਿੰਘ ਸਭਾ ਲਾਹੌਰ ਵੀ ਵੱਖਰੇ ਰੂਪ ਵਿੱਚ ਸਥਾਪਤ ਹੋਈ। ਜਦ ਕਾਫ਼ੀ ਸਿੰਘ ਸਭਾਵਾਂ ਹੋਂਦ ਵਿੱਚ ਆਈਆਂ ਤਾਂ ਇੱਕ ਕੇਂਦਰੀ ਜਥੇਬੰਦੀ ਦੀ ਲੋੜ ਮਹਿਸੂਸ ਕਰਦਿਆਂ 1883 ਵਿੱਚ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਗਈ। ਦੂਜੇ ਪਾਸੇ 1886 ’ਚ ਖ਼ਾਲਸਾ ਦੀਵਾਨ ਲਾਹੌਰ ਵੀ ਸਥਾਪਤ ਹੋਇਆ। ਭਾਵੇਂ ਸਿੰਘ ਸਭਾ ਲਾਹੌਰ ਨੇ ਵੀ ਹਰ ਪੱਖੋਂ ਬਹੁਤ ਸ਼ਲਾਘਾਯੋਗ ਕਾਰਜ ਕੀਤੇ ਪਰ ਮੂਲ ਰੂਪ ’ਚ ਸ੍ਰੀ ਗੁਰੂ ਸਿੰਘ ਸਭਾ (ਰਜਿ:) ਅੰਮ੍ਰਿਤਸਰ ਨੂੰ ਮੋਢੀ ਤੇ ਮਾਂ ਸੰਸਥਾ ਵਜੋਂ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਵਿਚ 1 ਅਕਤੂਬਰ 1873 ਈ. ਦਾ ਦਿਨ ਵਿਸ਼ੇਸ਼ ਮਾਨਤਾ ਰੱਖਦਾ ਹੈ, ਕਿਉਂਕਿ ਜਦ ਵੀ ਅਸੀਂ ਸਾਕਿਆਂ ਅਤੇ ਮੋਰਚਿਆਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ ਹੀ ਸਭਨਾ ਦਾ ਮੂਲ ਆਧਾਰ ਹੈ। ਅੱਜ ਵੀ ਸਿੰਘ ਸਭਾ ਅੰਮ੍ਰਿਤਸਰ ਦਾ ਸਭ ਤੋਂ ਪੁਰਾਤਨ ਮੁੱਖ ਦਫ਼ਤਰ ਸ੍ਰੀ ਦਰਬਾਰ ਸਾਹਿਬ ਲਾਗੇ ਵਿਰਾਸਤੀ ਮਾਰਗ ’ਤੇ ਸਥਿਤ ਹੈ। ਸਭਾ ਵੱਲੋਂ ਸਮੇਂ-ਸਮੇਂ ’ਤੇ ਵਿਸ਼ੇਸ਼ ਸੈਮੀਨਾਰ, ਸਕੂਲਾਂ/ਕਾਲਜਾਂ ’ਚ ਵਿਦਿਆਰਥੀ ਕੈਂਪ, ਰਾਗ ਦਰਬਾਰ ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ।
ਅਜੋਕੇ ਸਮੇਂ ਵਿੱਚ ਸਿੱਖ ਕੌਮ ਦੇ ਸਮਕਾਲੀ ਹਾਲਾਤ ’ਤੇ ਵਿਚਾਰ ਕਰੀਏ ਤਾਂ ਅਨੇਕ ਸਮੱਸਿਆਵਾਂ ਨਵੇਂ ਰੂਪ ਵਿਚ ਕੌਮ ਦੇ ਸਾਹਮਣੇ ਹਨ। ਸਿੱਖਾਂ ਵਿੱਚ ਨਸ਼ਿਆ ਦਾ ਰੁਝਾਨ, ਧਰਮ ਤਬਦੀਲੀ, ਪ੍ਰਬੰਧਕੀ ਨਿਘਾਰ, ਖ਼ੁਸ਼ੀ-ਗਮੀ ਦੇ ਸਮਾਗਮਾਂ ’ਚ ਫ਼ਜ਼ੂਲ ਖ਼ਰਚੇ, ਫੋਕਟ ਕਰਮ-ਕਾਡਾਂ ਦਾ ਪ੍ਰਚਲਨ, ਦੇਹਧਾਰੀ ਗੁਰੂ ਡੰਮ੍ਹ, ਜਥੇਬੰਦੀਆਂ ਦਾ ਆਪਸੀ ਟਕਰਾਅ ਆਦਿ ਸਾਡੇ ਕੌਮੀ ਨਿਘਾਰ ਦੀ ਗਵਾਹੀ ਹਨ। ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੱਜ ਸਿੰਘ ਸਭਾ ਲਹਿਰ ਦੇ ਚਿੰਤਕਾਂ ਵਾਂਗ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਕ ਲੀਡਰਸ਼ਿਪ ਨੂੰ ਸਿਰ ਜੋੜ ਕੇ ਬੈਠਣ ਅਤੇ ਚਿੰਤਨ ਕਰਨ ਦੀ ਅਹਿਮ ਜ਼ਰੂਰਤ ਹੈ। ਵਕਤ ਦੀ ਮੰਗ ਹੈ ਕਿ ਅਸੀਂ ਸਿੰਘ ਸਭਾ ਲਹਿਰ ਦਾ 152 ਸਾਲਾ ਸਥਾਪਨਾ ਦਿਵਸ ਮਨਾਉਂਦਿਆਂ ਆਪਣੇ ਭੂਤਕਾਲ ਤੋਂ ਸੇਧ ਲੈ ਕੇ ਵਰਤਮਾਨ ਨੂੰ ਸੰਵਾਰਨ ਦਾ ਅਹਿਦ ਕਰੀਏ ਤਾਂ ਜ਼ਰੂਰ ਚੰਗੇ ਸਿੱਟੇ ਨਿਕਲ ਸਕਦੇ ਹਨ।
![]()
