ਘੁੰਮ ਚਰਖੜਿਆ ਘੁੰਮ ਵੇ…

In ਮੁੱਖ ਲੇਖ
February 26, 2026

ਕੁਲਦੀਪ ਸਿੰਘ ਸਾਹਿਲ

ਘੁੰਮ ਚਰਖੜਿਆ ਵੇ, ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣਿ ਵਾਲੀ ਜੀਵੇ।
ਬੁੱਢਾ ਹੋਇਓਂ ਸ਼ਾਹ ਹੁਸੈਨਾ, ਦੰਦੀਂ ਝੇਰਾਂ ਪਈਆਂ।
ਉਠਿ ਸਵੇਰੇ ਢੂੰਡਣਿ ਲੱਗੋਂ, ਸੰਝਿ ਦੀਆਂ ਜੋ ਗਈਆਂ।
ਸ਼ਾਹ ਹੁਸੈਨ ਦੀਆਂ ਕਾਫੀਆਂ ਇਨਸਾਨੀ ਜ਼ਿੰਦਗੀ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਜ਼ਿਆਦਾਤਰ ਲੋਕ ਜ਼ਿੰਦਗੀ ਨੂੰ ਜਦੋਂ ਤੱਕ ਸਮਝਦੇ ਹਨ, ਉਦੋਂ ਤੱਕ ਸਮਾਂ ਬਹੁਤ ਗੁਜ਼ਰ ਚੁੱਕਾ ਹੁੰਦਾ ਹੈ। ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ। ਇਹ ਸੋਚ ਉਨ੍ਹਾਂ ਦੇ ਰਹਿਣ-ਸਹਿਣ, ਅਮੀਰੀ ਅਤੇ ਗਰੀਬੀ, ਦੇਸ਼ ਅਤੇ ਵਿਚਾਰਧਾਰਾ ’ਤੇ ਨਿਰਭਰ ਕਰਦੀ ਹੈ ਜਿਵੇਂ ਕਿ ਬੱਚਿਆਂ ਲਈ ਜ਼ਿੰਦਗੀ ਇੱਕ ਖੇਡ ਹੈ, ਨੌਜਵਾਨਾਂ ਲਈ ਜ਼ਿੰਦਗੀ ਇੱਕ ਗੀਤ ਵੀ ਹੈ। ਇਸੇ ਤਰ੍ਹਾਂ ਕੋਈ ਜ਼ਿੰਦਗੀ ਨੂੰ ਕਲਾ ਦੱਸਦਾ ਹੈ, ਕੋਈ ਤਪੱਸਿਆ, ਕੋਈ ਜ਼ਿੰਦਗੀ ਨੂੰ ਜੱਦੋ-ਜਹਿਦ ਦੱਸਦਾ ਹੈ ਅਤੇ ਕੋਈ ਸਫ਼ਰ ਦਾ ਨਾਂ ਦਿੰਦਾ ਹੈ। ਕੋਈ ਜ਼ਿੰਦਗੀ ਨੂੰ ਗਲ਼ ਪਿਆ ਢੋਲ ਵਜਾਉਣਾ ਕਹਿੰਦਾ ਹੈ, ਕੋਈ ਇਸ ਨੂੰ ਜ਼ਿੰਦਾਦਿਲੀ ਵੱਜੋਂ ਮਾਣਦਾ ਹੈ। ਕੋਈ ਕਰਮਾਂ ਦਾ ਫਲ, ਕੋਈ ਕੰਡਿਆਂ ਦੀ ਸੇਜ। ਗੱਲ ਕੀ, ਜ਼ਿੰਦਗੀ ਦੇ ਸਬੰਧ ਵਿੱਚ ਅਣਗਿਣਤ ਧਾਰਨਾਵਾਂ ਹਨ। ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਦੇ ਵਿਚਕਾਰ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ, ਉਹੀ ਜ਼ਿੰਦਗੀ ਹੈ। ਜ਼ਿੰਦਗੀ ਇੱਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜ਼ਿੰਦਗੀ ਨਾਂ ਹੈ ਦੁੱਖਾਂ ਅਤੇ ਸੁੱਖਾਂ ਦਾ, ਪਿਆਰ ਅਤੇ ਤਕਰਾਰ ਦਾ, ਦੋਸਤੀ ਅਤੇ ਚਾਹਤ ਦਾ, ਖ਼ੁਸ਼ੀਆਂ ਅਤੇ ਗ਼ਮੀਆਂ ਦਾ, ਪਾਉਣ ਅਤੇ ਗਵਾਉਣ ਦਾ, ਰੁੱਸਣ ਅਤੇ ਮਨਾਉਣ ਦਾ, ਇਹ ਆਸਾ ਅਤੇ ਨਿਰਾਸ਼ਾ ਦਾ ਇੱਕ ਸੰਗਮ ਹੈ।
ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ, ‘ਜ਼ਿੰਦਗੀ ਇੱਕ ਰੰਗਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।’ ਗੋਰਕੀ ਅਨੁਸਾਰ ਜੀਵਨ ਚਾਬੁਕ ਮਾਰ ਕੇ ਚਲਾਉਣ ਵਾਲਾ ਘੋੜਾ ਨਹੀਂ ਹੈ। ਡਾਕਟਰ ਰਾਧਾ ਕ੍ਰਿਸ਼ਨਨ ਨੇ ਇੱਕ ਥਾਂ ਲਿਖਿਆ ਹੈ ਕਿ ਜ਼ਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਗ ਹੈ। ਕਿਸੇ ਨੂੰ ਯੱਕੇ, ਬੇਗੀਆ ਅਤੇ ਬਾਦਸ਼ਾਹ ਵਰਗੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਕੇਵਲ ਦੁੱਕੀਆਂ ਤਿੱਕੀਆਂ ਹੀ ਆਉਂਦੀਆਂ ਹਨ। ਖੇਡਾਂ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ। ਵਧੀਆ ਖਿਡਾਰੀ ਓਹੀ ਗਿਣਿਆ ਜਾਂਦਾ ਹੈ ਜੋ ਜਿਹੜੇ ਵੀ ਪੱਤੇ ਉਸ ਦੇ ਹਿੱਸੇ ਆਏ ਹਨ, ਉਨ੍ਹਾਂ ਨੂੰ ਸਿਆਣਪ ਨਾਲ ਖੇਡੇ। ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ ਤਿੱਕੀਆ ਦੀ ਈਨ ਮੰਨਣੀ ਪੈਂਦੀ ਹੈ।
ਮਨੋਵਿਗਿਆਨੀਆਂ ਨੇ ਵੀ ਵਿਗਿਆਨਕ ਆਧਾਰ ’ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਕਿ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ ਵਿਸ਼ਵਾਸ ਦੇ ਸਾਹਮਣੇ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ। ਜ਼ਿੰਦਗੀ ਜਿਊਣਾ ਵੀ ਇੱਕ ਕਲਾ ਹੈ, ਕਲਾ ਹੀ ਨਹੀਂ ਸਗੋਂ ਇੱਕ ਤਪੱਸਿਆ ਹੈ। ਜੀਵਨ ਅੱਗੇ ਵਧਣ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਊਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ। ਇੱਕ ਚੰਗੀ ਜ਼ਿੰਦਗੀ ਜਿਊਣ ਵਾਲੇ ਬੰਦੇ, ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ ਅਤੇ ਇਸ ਵਿੱਚ ਰੰਗ ਭਰਦੇ ਹਨ। ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ। ਇਹੋ ਜਿਹੇ ਇਨਸਾਨ ਜਾਂ ਤਾਂ ਬੀਤੇ ਦਾ ਝੋਰਾ ਕਰਦੇ ਹਨ ਜਾਂ ਫਿਰ ਆਉਣ ਵਾਲੇ ਵਕਤ ਦੀ ਫ਼ਿਕਰ। ਉਹ ਵਰਤਮਾਨ ਵਿੱਚ ਜਿਊਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਹਮੇਸ਼ਾਂ ਜ਼ਿੰਦਗੀ ਦੇ ਗ਼ੁਲਾਮ ਬਣੇ ਰਹਿੰਦੇ ਹਨ। ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ।
ਜ਼ਿੰਦਗੀ ਵਿੱਚ ਦੁੱਖ ਅਤੇ ਸੁੱਖ ਨਾਲ ਨਾਲ ਚੱਲਦੇ ਹਨ। ਦੁੱਖਾਂ ਵਿੱਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ; ਇਹ ਸਮਾਂ ਵੀ ਗੁਜ਼ਰ ਜਾਵੇਗਾ।
ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚੱਲਦਾ ਹੈ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇੱਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਊਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਊਂਦੇ ਹਾਂ। ਜ਼ਿੰਦਗੀ ਭਾਵੇਂ ਥੋੜ੍ਹੀ ਹੀ ਕਿਉਂ ਨਾ ਹੋਵੇ, ਪਰ ਚੰਗੀ ਹੋਣੀ ਚਾਹੀਦੀ ਹੈ। ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਵਿੱਚ ਨਾਲ ਨਾਲ ਚੱਲਦੇ ਹਨ, ਪਰ ਜ਼ਿੰਦਗੀ ਨੂੰ ਚੰਗਾ ਜਾਂ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ। ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਵੱਡੀਆਂ ਖ਼ੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖ਼ੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਜੋ ਕੁਝ ਕੋਲ ਮੌਜੂਦ ਹੈ, ਉਸ ਨੂੰ ਮਾਣਨ ਦੀ ਥਾਂ ਜੋ ਕੋਲ ਨਹੀਂ ਹੈ, ਉਸ ਦਾ ਰੋਣਾ ਰੋਂਦੇ ਰਹਿੰਦੇ ਹਨ। ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਬੰਦਾ ਅਸਫਲ ਨਹੀਂ ਹੋਣਾ ਚਾਹੁੰਦਾ। ਕਈ ਲੋਕ ਜ਼ਿੰਦਗੀ ਵਿੱਚ ਸਫਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ। ਕਈਆਂ ਦੇ ਦਰਵਾਜ਼ੇ ’ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ। ਕਈ ਲੋਕਾਂ ਨਾਲ ਸਫਲਤਾ ਪਰਛਾਵਾਂ ਬਣ ਕੇ ਚੱਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿੱਚ ਵੀ ਨਸੀਬ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।
ਜੇਕਰ ਅਸੀਂ ਅਸਫਲ ਵੀ ਹੁੰਦੇ ਹਾਂ ਤਾਂ ਸਾਨੂੰ ਇਸ ਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ। ਅਸਫਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ। ਅਸਫਲ ਰਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜ਼ਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ। ਜਿੰਨੇ ਕਦਮ ਅਸੀਂ ਸਫਲਤਾ ਵੱਲ ਜਾਣ ਨੂੰ ਪੁੱਟੇ ਹਨ, ਉਹ ਆਉਣ ਵਾਲੇ ਸਮੇਂ ਵਿੱਚ ਸਾਡੀ ਬਣਨ ਵਾਲੀ ਸਫਲਤਾ ਦੀਆਂ ਨੀਹਾਂ ਵਿੱਚ ਇੱਟਾਂ ਦਾ ਕੰਮ ਕਰਨਗੇ। ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ। ਜ਼ਿੰਦਗੀ ਇੱਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ।

ਇੰਨੀ ਸ਼ਿੱਦਤ ਨਾਲ ਨਿਭਾਓ
ਜ਼ਿੰਦਗੀ ਦਾ ਕਿਰਦਾਰ
ਕਿ ਪਰਦਾ ਡਿੱਗਣ ਤੋਂ ਬਾਅਦ
ਵੀ ਵੱਜਦੀਆਂ ਰਹਿਣ ਤਾੜੀਆਂ।
ਪੈਸੇ ਨਾਲ ਕਦੇ ਵੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਨਹੀਂ ਖ਼ਰੀਦੀਆਂ ਜਾ ਸਕਦੀਆਂ। ਮਿਹਨਤ ਕਰਕੇ ਪੈਸਾ ਕਮਾਉਣਾ ਮਾੜੀ ਗੱਲ ਨਹੀਂ, ਪਰ ਪੈਸੇ ਕਮਾ ਕੇ ਅਤੇ ਸਭ ਕੁਝ ਹੁੰਦਿਆਂ ਵੀ ਦੁਖੀ ਰਹਿਣਾ ਮਾੜੀ ਗੱਲ ਹੈ। ਮੈਂ ਬਹੁਤ ਸਾਰੇ ਅਮੀਰ ਲੋਕਾਂ ਦੇ ਚਿਹਰਿਆਂ ’ਤੇ ਹਮੇਸ਼ਾਂ ਉਦਾਸੀ ਵੇਖੀ ਹੈ ਅਤੇ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖੇ ਸੌਣ ਵਾਲਿਆਂ ਨੂੰ ਵੀ ਮੁਸਕਰਾਉਂਦੇ ਵੇਖਿਆ ਹੈ। ਜ਼ਿੰਦਗੀ ਨੂੰ ਖ਼ੂਬਸੂਰਤ, ਰੰਗਦਾਰ ਅਤੇ ਖ਼ੁਸ਼ਹਾਲ ਅਸੀਂ ਆਪ ਹੀ ਬਣਾਉਣਾ ਹੁੰਦਾ ਹੈ, ਬਸ! ਇਸ ਨੂੰ ਸਮਝਣ ਦੀ ਲੋੜ ਹੈ। ਸਿਆਣੇ ਕਹਿੰਦੇ ਹਨ ਕਿ ਖ਼ੁਸ਼ੀਆਂ ਨੂੰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ। ਇਹ ਪ੍ਰਸਥਿਤੀਆਂ ’ਤੇ ਨਿਰਭਰ ਕਰਦੀ ਹੈ ਜਿਵੇਂ ਇੱਕ ਬੱਚਾ ਗੁਬਾਰਾ ਵੇਚ ਕੇ ਖ਼ੁਸ਼ ਹੈ, ਦੂਜਾ ਗੁਬਾਰਾ ਖ਼ਰੀਦ ਕੇ ਅਤੇ ਤੀਜਾ ਬੱਚਾ ਉਸ ਗੁਬਾਰੇ ਨੂੰ ਤੋੜ ਕੇ। ਜੀਵਨ ਬਹੁਤ ਅਨਮੋਲ ਹੈ। ਇਸ ਨੂੰ ਬੇਮਤਲਬ ਤਾਣੀ ਵਾਂਗ ਨਾ ਉਲਝਾਓ, ਅਸਮਾਨ ’ਤੇ ਨਹੀਂ, ਧਰਤੀ ’ਤੇ ਜੀਓ, ਨਕਲੀ ਨਹੀਂ, ਅਸਲੀ ਜੀਵਨ ਜੀਓ। ਜ਼ਿੰਦਗੀ ਦੀ ਅਸਲੀ ਖ਼ੁਸ਼ੀ ਇਮਾਨਦਾਰੀ, ਸੱਚਾਈ ਅਤੇ ਸਾਦਗੀ ਵਿੱਚੋਂ ਲੱਭੀ ਜਾ ਸਕਦੀ ਹੈ। ਆਓ! ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ। ਜ਼ਿੰਦਗੀ ਬਾਰੇ ਸ਼ਾਹ ਹੁਸੈਨ ਸੱਚ ਬਿਆਨ ਕਰਦੇ ਲਿਖਦੇ ਹਨ;
ਬਾਲਪਣ ਖੇਡ ਲੈ ਕੁੜੀਏ ਨੀ,
ਤੇਰਾ ਅੱਜ ਕਿ ਕੱਲ ਮੁਕਲਾਵਾ।
ਖੇਨੂੜਾ ਖਿਡੰਦੀਏ ਕੁੜੀਏ,
ਕੰਨੁ ਸੋਇਨੇ ਦਾ ਵਾਲਾ।
ਸਾਹੁਰੜੇ ਘਰਿ ਅਲਬਤ ਜਾਣਾ।
ਪੇਈਏ ਕੂੜਾ ਦਾਵਾ।
ਸਾਵਣ ਮਾਂਹ ਸੁਰੰਗੜਾ ਆਇਆ।
ਦਿੱਸਣ ਸਾਵੇਂ ਤੱਲੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੱਜ ਆਏ ਕੱਲ ਚੱਲੇ।

Loading