ਫ਼ਰਜ਼ੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ ਵਿੱਚ ਭਾਰਤੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੰਨਿਆ

In ਅਮਰੀਕਾ
April 17, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਆਸਟਿਨ, ਟੈਕਸਾਸ ਵਿੱਚ ਫ਼ਰਜ਼ੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ ਵਿੱਚ ਇੱਕ ਭਾਰਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਸੰਘੀ ਅਦਾਲਤ ਵਿੱਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ ਹੈ। ਸੁਭੱਲਾ ਸੁਰੇਸ਼ ਨੇ ਮੰਨਿਆ ਕਿ ਉਸ ਨੇ ਜਨਵਰੀ 2019 ਤੋਂ ਅਕਤੂਬਰ 2022 ਦਰਮਿਆਨ ਜਦੋਂ ਉਹ ਇੱਕ ਸਥਾਨਕ ਫ਼ਰਮ ਵਿੱਚ ਕੰਮ ਕਰਦਾ ਸੀ, ਫ਼ਰਜ਼ੀ ਰਿਟਰਨਾਂ ਭਰੀਆਂ। ਇਸਤਗਾਸਾ ਪੱਖ ਅਨੁਸਾਰ ਸੁਰੇਸ਼ ਨੇ ਜਾਣ ਬੁਝ ਕੇ ਗ਼ੈਰ ਕਾਨੂੰਨੀ ਢੰਗ ਨਾਲ ਆਪਣੇ ਗਾਹਕਾਂ ਦਾ ਟੈਕਸ ਘਟਾਉਣ ਲਈ ਰਿਟਰਨਾਂ ਵਿੱਚ ਫ਼ਰਜ਼ੀ ਖਰਚੇ ਸ਼ਾਮਿਲ ਕੀਤੇ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸੁਰੇਸ਼ ਨੇ ਅਮਰੀਕੀ ਖ਼ਜ਼ਾਨੇ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਪਹੁੰਚਾਇਆ। ਇੱਕ ਅਨੁਮਾਨ ਅਨੁਸਾਰ ਇਹ ਨੁਕਸਾਨ ਸਾਢੇ ਪੰਜ ਲੱਖ ਡਾਲਰ ਤੱਕ ਹੋ ਸਕਦਾ ਹੈ।
ਸੁਰੇਸ਼ ਚੌਥਾ ਵਿਅਕਤੀ ਹੈ ਜਿਸ ਨੇ ਟੈਕਸ ਫ਼ਰਾਡ ਸਕੀਮ ਤਹਿਤ ਆਪਣਾ ਗੁਨਾਹ ਮੰਨਿਆ ਹੈ ਇਸ ਤੋਂ ਪਹਿਲਾਂ ਮੈਥੀਊਜ ਚਾਕੋ, ਅਨੀਸ਼ ਪਿਲਾਈ ਤੇ ਮੋਅ ਕੁੰਡੂ ਨਾਮੀ ਵਿਅਕਤੀ ਵੀ ਫ਼ਰਜ਼ੀ ਟੈਕਸ ਰਿਟਰਨਾਂ ਭਰਨ ਦੇ ਦੋਸ਼ਾਂ ਨੂੰ ਮੰਨ ਚੁੱਕੇ ਹਨ। ਅਦਾਲਤ ਨੇ ਇਨ੍ਹਾਂ ਨੂੰ ਸਜ਼ਾ ਸੁਣਾਉਣ ਬਾਰੇ ਅਜੇ ਤਰੀਕ ਤੈਅ ਨਹੀਂ ਕੀਤੀ ਹੈ।

Loading