ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ ਹਾਈ ਕੋਰਟ ਨੇ 30 ਸਤੰਬਰ 2026 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਕਰਵਾਏ ਜਾਣ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਆਦੇਸ਼ ਦਿੱਤਾ ਹੈ ਕਿ ਗੁਰਦੁਆਰਾ ਚੋਣਾਂ ਲਈ ਬਣਾਈ ਜਾ ਰਹੀ ਨਵੀਂ ਵੋਟਰ ਸੂਚੀ ਤੇ ਚੋਣ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਬੇਸ਼ੱਕ ਕਿਸੇ ਵੀ ਸਥਿਤੀ ਵਿੱਚ ਹੋਵੇ, ਪਰ ਗੁਰਦੁਆਰਾ ਚੋਣਾਂ ਹਰ ਹਾਲਤ ਵਿੱਚ 30 ਸਤੰਬਰ ਤੱਕ ਕਰਵਾ ਲਈਆਂ ਜਾਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਐਡਵੋਕੇਟ ਰਾਜਿੰਦਰ ਛਾਬੜਾ ਤੇ ਹੋਰਾਂ ਦੀ ਮੌਜੂਦਗੀ ਵਿੱਚ ਇਸ ਮਾਮਲੇ ਦੇ ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ (ਕੌਮੀ ਜਨਰਲ ਸਕੱਤਰ) ਨੇ ਦੱਸਿਆ ਕਿ 30 ਸਤੰਬਰ ਤੱਕ ਚੋਣਾਂ ਕਰਵਾਏ ਜਾਣ ਦੇ ਨਾਲ ਹੀ ਅਦਾਲਤ ਨੇ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਕੋਲੋਂ ਚੋਣ ਪ੍ਰਕਿਰਿਆ ਦੀ ਸਾਰੀ ਕਾਰਵਾਈ ਬਾਰੇ 27 ਅਪ੍ਰੈਲ ਤੱਕ ਸਥਿਤੀ ਰਿਪੋਰਟ ਦਾਖ਼ਲ ਕਰਨ ਦਾ ਵੀ ਹੁਕਮ ਸੁਣਾਇਆ ਹੈ । ਸ਼ੰਟੀ ਨੇ ਕਿਹਾ ਕਿ ਦਿੱਲੀ ਕਮੇਟੀ ’ਤੇ ਕਾਬਜ਼ ਧਿਰ ਵਲੋਂ ਇਹ ਚੋਣਾਂ ਲਮਕਾਉਣ ਲਈ ਕਈ ਹੱਥਕੰਡੇ ਵਰਤੇ ਜਾ ਰਹੇ ਸਨ ਤੇ ਸਰਕਾਰ ’ਚ ਆਪਣੀ ਪਹੁੰਚ ਦਾ ਹਵਾਲਾ ਦੇ ਕੇ ਇਹ ਚੋਣਾਂ 2030 ਤੱਕ ਨਾ ਹੋਣ ਦੇਣ ਦੇ ਕਥਿਤ ਦਾਅਵੇ ਕੀਤੇ ਜਾ ਰਹੇ ਸਨ। ਸਰਨਾ ਤੇ ਜੀ.ਕੇ. ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਹੁਣ ਚੋਣਾਂ ’ਚ ਸੰਗਤ ਵੱਲੋਂ ਉਨ੍ਹਾਂ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ।
![]()
