ਸਿਡਨੀ/ਏ.ਟੀ.ਨਿਊਜ਼: ‘ਦਾ ਡੇਲੀ ਟੈਲੀਗ੍ਰਾਫ’ ਦੀ ਤਾਜ਼ਾ ਰਿਪੋਰਟ ਅਨੁਸਾਰ ਆਸਟ੍ਰੇਲੀਆ ਵਿੱਚ ਸਰਦੀ ਦੇ ਮੌਸਮ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਧ ਰਹੇ ਖਰਚਿਆਂ ਕਾਰਨ ਉਹ ਕੁਝ ਮੁੱਖ ਫਸਲਾਂ ਬੀਜਣ ਤੋਂ ਕੰਨੀ ਕਤਰਾ ਰਹੇ ਹਨ, ਜਿਸ ਨਾਲ ਸਪਲਾਈ ਘੱਟ ਹੋਣ ਦੀ ਸੰਭਾਵਨਾ ਬਣ ਗਈ ਹੈ।
ਅੰਕੜਿਆਂ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਡੀਜ਼ਲ ਦੀ ਕੀਮਤ ਵਿੱਚ ਲਗਪਗ 20 ਤੋਂ 30 ਫ਼ੀਸਦੀ ਵਾਧਾ ਹੋਇਆ ਹੈ, ਜਦੋਂ ਕਿ ਖਾਦ ਦੇ ਰੇਟ 40 ਫੀਸਦੀ ਤੱਕ ਚੜ੍ਹ ਗਏ ਹਨ। ਇਸ ਤੋਂ ਇਲਾਵਾ ਮਜ਼ਦੂਰੀ ਅਤੇ ਟਰਾਂਸਪੋਰਟ ਦੇ ਖਰਚੇ ਵੀ ਵਧੇ ਹਨ। ਕਿਸਾਨਾਂ ਦੇ ਅਨੁਸਾਰ ਜੇਕਰ ਅਜਿਹੇ ਹੀ ਹਾਲਾਤ ਬਣੇ ਰਹੇ ਤਾਂ ਉਤਪਾਦਨ ਘਟਣਾ ਲਾਜ਼ਮੀ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪੱਤਾ ਗੋਭੀ, ਬਰੋਕਲੀ, ਗਾਜਰ ਅਤੇ ਫਲੀਆਂ ਵਰਗੀਆਂ ਸਬਜ਼ੀਆਂ ਦੇ ਭਾਅ 30 ਤੋਂ 50 ਫ਼ੀਸਦੀ ਤੱਕ ਵਧ ਰਹੇ ਹਨ। ਇਸ ਵਾਧੇ ਦਾ ਸਿੱਧਾ ਅਸਰ ਆਮ ਘਰੇਲੂ ਖਰਚੇ ’ਤੇ ਪਵੇਗਾ, ਜਿਸ ਨਾਲ ਖਾਸ ਤੌਰ ’ਤੇ ਮੱਧ ਵਰਗ ਦੇ ਲੋਕਾਂ ਲਈ ਰਸੋਈ ਦਾ ਖਰਚਾ ਹੋਰ ਜ਼ਿਆਦਾ ਵਧ ਸਕਦਾ ਹੈ।
ਖੇਤੀ ਮਾਹਿਰਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਖਾਣ-ਪੀਣ ਦੀਆਂ ਵਸਤਾਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ, ਜਿਸ ਨਾਲ ਮਹਿੰਗਾਈ ਦਾ ਦਬਾਅ ਹੋਰ ਵਧੇਗਾ। ਕੁਝ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਮੌਸਮੀ ਤਬਦੀਲੀਆਂ ਅਤੇ ਹੜ੍ਹਾਂ ਨੇ ਵੀ ਉਤਪਾਦਨ ’ਤੇ ਅਸਰ ਪਾਇਆ, ਜਿਸ ਨਾਲ ਖਰਚੇ ਹੋਰ ਵਧੇ ਹਨ। ਉਨ੍ਹਾਂ (ਕਿਸਾਨਾਂ) ਲਈ ਹੁਣ ਕੁਝ ਸਬਜ਼ੀਆਂ ਦੀ ਖੇਤੀ ਕਰਨਾ ਫਾਇਦੇਮੰਦ ਸੌਦਾ ਨਹੀਂ ਰਿਹਾ।
![]()
