ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਡੈਲਟਾ ਏਅਰਲਾਈਨਜ ਦੇ ਐਟਲਾਂਟਾ ਤੋਂ ਓਰੇਗੋਨ ਆ ਰਹੇ ਜਹਾਜ਼ ਵਿੱਚ ਇੱਕ ਔਰਤ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ। ਜਹਾਜ਼ ਨੇ ਐਟਲਾਂਟਾ ਤੋਂ ਪੋਰਟਲੈਂਡ ਇੰਟਰਨੈਸ਼ਨਲ ਹਵਾਈ ਅੱਡੇ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਹੀ ਔਰਤ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਵਧੀਆ ਗੱਲ ਇਹ ਰਹੀ ਕਿ ਜਹਾਜ਼ ਵਿੱਚ ਦੋ ਨਰਸਾਂ ਵੀ ਸਫ਼ਰ ਕਰ ਰਹੀਆਂ ਸਨ ਜੋ ਡੋਮੀਨੀਕਨ ਰਿਪਬਲਿਕ ਵਿੱਚ ਛੁੱਟੀਆਂ ਕਟ ਕੇ ਵਾਪਿਸ ਆ ਰਹੀਆਂ ਸਨ। ਟੀਨੀ ਫ਼ਰਿਟਜ਼ ਤੇ ਕਾਰੀਨ ਪਾਵਲ ਨਾਮੀ ਇਨਾਂ ਨਰਸਾਂ ਨੇ ਬੱਚੀ ਦੀ ਪੈਦਾਇਸ਼ ਵਿੱਚ ਮੱਦਦ ਕੀਤੀ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਜਹਾਜ਼ ਵਿੱਚ ਸਵਾਰ ਸਵਾਰੀਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਆ ਗਈ। ਸਾਢੇ ਪੰਜ ਪੌਂਡ ਭਾਰੀ ਬੱਚੀ ਤੇ ਟੈਨੇਸੀ ਵਾਸੀ ਮਾਂ ਐਸ਼ਲੇ ਬਲੇਅਰ ਬਿਲਕੁੱਲ ਠੀਕ ਠਾਕ ਹਨ। ਮਾਂ ਦਾ ਕਹਿਣਾ ਹੈ ਕਿ ਬੱਚੀ ਦਾ ਜਨਮ ਦੋ ਹਫ਼ਤੇ ਪਹਿਲਾਂ ਹੋ ਗਿਆ ਹੈ। ਜਹਾਜ਼ ਵੀ ਆਪਣੇ ਨਿਸ਼ਚਤ ਸਮੇਂ ਤੋਂ ਤਕਰੀਬਨ 20 ਮਿੰਟ ਪਹਿਲਾਂ ਪਹੁੰਚ ਗਿਆ। ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਜਹਾਜ਼ ਵਿੱਚ 153 ਯਾਤਰੀ ਸਵਾਰ ਹੋਏ ਸਨ ਪਰੰਤੂ ਉਤਰੇ 154 ਹਨ।
![]()
