ਕੈਲਗਰੀ ਕੰਸਰਟ ਵਿੱਚ ਹੰਗਾਮਾ: ਦਿਲਜੀਤ ਦੋਸਾਂਝ ਨੇ ਸਟੇਜ ਤੋਂ ਦਿੱਤਾ ਆਲੋਚਕਾਂ ਨੂੰ ਕਰਾਰਾ ਜਵਾਬ

ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਕੈਲਗਰੀ ਵਿੱਚ ਹੋਏ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਅਤੇ ਉੱਥੇ ਹੋਏ ਵਿਰੋਧ ਦੀਆਂ ਚਰਚਾਵਾਂ ਗਰਮ ਹਨ। ਇੱਕ ਪਾਸੇ ਕੁਝ ਲੋਕਾਂ ਵੱਲੋਂ ਖ਼ਾਲਿਸਤਾਨੀ ਝੰਡੇ ਲਹਿਰਾ ਕੇ ਵਿਰੋਧ ਦਰਜ ਕਰਵਾਇਆ ਗਿਆ ਤੇ ਦੂਜੇ ਪਾਸੇ ਦਿਲਜੀਤ ਨੇ ਸਟੇਜ ਤੋਂ ਬੇਬਾਕ ਹੋ ਕੇ ਆਪਣਾ ਪੱਖ ਰੱਖਿਆ। ਜੇਕਰ ਨਿਰਪੱਖ ਹੋ ਕੇ ਦੇਖਿਆ ਜਾਵੇ, ਤਾਂ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਦਿਲਜੀਤ ਦੋਸਾਂਝ ਵਿਸ਼ਵ ਪੱਧਰ ’ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ, ਉਸ ਉੱਤੇ ਸਵਾਲ ਚੁੱਕਣੇ ਜਾਇਜ਼ ਨਹੀਂ ਲੱਗਦੇ।
ਦਿਲਜੀਤ ਸਿਰਫ਼ ਇੱਕ ਗਾਇਕ ਨਹੀਂ, ਸਗੋਂ ਵਿਸ਼ਵ ਮੰਚ ’ਤੇ ਪੰਜਾਬ ਦੇ ਸੱਭਿਆਚਾਰਕ ਰਾਜਦੂਤ ਬਣ ਕੇ ਉਭਰੇ ਹਨ। ਚਾਹੇ ਉਹ ਕੋਚੈਲਾ ਦਾ ਮੰਚ ਹੋਵੇ ਜਾਂ ਜਿਮੀ ਫੈਲਨ ਦਾ ‘ਦਿ ਟੂਨਾਈਟ ਸ਼ੋਅ’, ਉਨ੍ਹਾਂ ਨੇ ਹਮੇਸ਼ਾ ਆਪਣੀ ਪਛਾਣ ‘ਪੰਜਾਬੀ’ ਵਜੋਂ ਪੇਸ਼ ਕੀਤੀ ਹੈ। ਜਿਮੀ ਫੈਲਨ ਦੇ ਸ਼ੋਅ ’ਤੇ 1914 ਦੀ ‘ਕੋਮਾਗਾਟਾਮਾਰੂ’ (ਗੁਰੂ ਨਾਨਕ ਜਹਾਜ਼) ਦੀ ਘਟਨਾ ਦਾ ਜ਼ਿਕਰ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ। ਇੱਕ ਅਜਿਹੇ ਮੰਚ ’ਤੇ, ਜਿੱਥੇ ਦੁਨੀਆ ਦੇ ਵੱਡੇ-ਵੱਡੇ ਸਿਤਾਰੇ ਸਿਰਫ਼ ਆਪਣੀਆਂ ਫ਼ਿਲਮਾਂ ਦਾ ਪ੍ਰਚਾਰ ਕਰਨ ਆਉਂਦੇ ਹਨ, ਉੱਥੇ ਦਿਲਜੀਤ ਨੇ ਪੰਜਾਬੀਆਂ ਦੇ ਸਦੀਆਂ ਪੁਰਾਣੇ ਇਤਿਹਾਸਕ ਦਰਦ ਨੂੰ ਬਿਆਨ ਕੀਤਾ। ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਲਈ ਕਿੰਨੀ ਡੂੰਘੀ ਜਗ੍ਹਾ ਹੈ।
ਵਿਰੋਧ ਕਰਨ ਵਾਲਿਆਂ ਦਾ ਮੁੱਖ ਇਤਰਾਜ਼ ਦਿਲਜੀਤ ਦੇ ‘ਕੌਣ ਬਣੇਗਾ ਕਰੋੜਪਤੀ’ ਵਿੱਚ ਜਾਣ ਅਤੇ ਅਮਿਤਾਭ ਬੱਚਨ ਪ੍ਰਤੀ ਸਤਿਕਾਰ ਦਿਖਾਉਣ ’ਤੇ ਸੀ। ਉਨ੍ਹਾਂ ਦਾ ਤਰਕ ਇਹ ਸੀ ਕਿ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ। ਉਨ੍ਹਾਂ ਅਨੁਸਾਰ ਅਮਿਤਾਭ ਬੱਚਨ ਵਰਗੀਆਂ ਸ਼ਖ਼ਸੀਅਤਾਂ ਨਾਲ ਸਾਂਝ ਦਿਖਾਉਣਾ ਉਨ੍ਹਾਂ ਪੀੜਤਾਂ ਦਾ ਅਪਮਾਨ ਹੈ। ਉਨ੍ਹਾਂ ਲਈ ਇਹ ਸਿਆਸੀ ਵਿਰੋਧ ਦਰਜ ਕਰਵਾਉਣ ਦਾ ਇੱਕ ਤਰੀਕਾ ਸੀ।
ਪਰ ਦਿਲਜੀਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਰਾਸ਼ਟਰੀ ਮੰਚਾਂ ਦੀ ਵਰਤੋਂ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਲਈ ਕਰਦੇ ਹਨ। ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਨੈਸ਼ਨਲ ਮੀਡੀਆ ਪੰਜਾਬ ਨੂੰ ਨਜ਼ਰਅੰਦਾਜ਼ ਕਰਦਾ ਹੈ। ਜੇਕਰ ਕੋਈ ਕਲਾਕਾਰ ਉੱਥੇ ਜਾ ਕੇ ਆਪਣੀ ਹੋਂਦ ਅਤੇ ਮੁੱਦਿਆਂ ਦੀ ਗੱਲ ਕਰਦਾ ਹੈ, ਤਾਂ ਉਸ ਨੂੰ ‘ਗ਼ਦਾਰ’ ਜਾਂ ‘ਸਮਝੌਤਾਵਾਦੀ’ ਕਹਿਣਾ ਗਲਤ ਹੈ। ਦਿਲਜੀਤ ਨੇ ਕਿਹਾ, ‘ਮੇਰਾ ਕੰਮ ਚੈਰਿਟੀ ਕਰਨਾ ਨਹੀਂ ਹੈ, ਪਰ ਮੈਂ ਜਿਸ ਵੀ ਪਲੇਟਫਾਰਮ ’ਤੇ ਜਾਂਦਾ ਹਾਂ, ਪੰਜਾਬ ਦੀ ਗੱਲ ਜ਼ਰੂਰ ਕਰਦਾ ਹਾਂ। ਅਸੀਂ ਅਕਸਰ ਕਹਿੰਦੇ ਹਾਂ ਕਿ ਨੈਸ਼ਨਲ ਮੀਡੀਆ ਪੰਜਾਬ ਬਾਰੇ ਗੱਲ ਨਹੀਂ ਕਰਦਾ, ਇਸੇ ਲਈ ਮੈਂ ਕੇਬੀਸੀ ਵਰਗੇ ਵੱਡੇ ਸ਼ੋਅ ’ਤੇ ਗਿਆ ਤਾਂ ਜੋ ਪੰਜਾਬ ਦੇ ਮੁੱਦਿਆਂ ਨੂੰ ਦੇਸ਼ ਸਾਹਮਣੇ ਰੱਖ ਸਕਾਂ।’
ਦਿਲਜੀਤ ਦੋਸਾਂਝ ਨੇ ਕੈਲਗਰੀ ਦੀ ਸਟੇਜ ਤੋਂ ਜੋ ਕਿਹਾ— ‘ਜਿੰਨੇ ਝੰਡੇ ਦਿਖਾਉਣੇ ਦਿਖਾਈ ਚੱਲੋ’—ਉਹ ਉਨ੍ਹਾਂ ਦੀ ਨਾਰਾਜ਼ਗੀ ਨਹੀਂ, ਸਗੋਂ ਉਨ੍ਹਾਂ ਦਾ ਸਿਦਕ (ਧੀਰਜ) ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਕਲਾ ਸਭ ਨੂੰ ਜੋੜਨ ਲਈ ਹੁੰਦੀ ਹੈ, ਨਾ ਕਿ ਵੰਡਣ ਲਈ। ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਹੰਢਾ ਚੁੱਕਾ ਹੈ। ਅੱਜ ਜਦੋਂ ਇੱਕ ਪੰਜਾਬੀ ਗੱਭਰੂ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮਾਂ ਨੂੰ ਭਰ ਰਿਹਾ ਹੈ, ਤਾਂ ਸਾਨੂੰ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ। ਦੂਜੇ ਪਾਸੇ, ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕਲਾਕਾਰ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ। ਪ੍ਰਸ਼ੰਸਕਾਂ ਅਨੁਸਾਰ, ਇੱਕ ਸੱਭਿਆਚਾਰਕ ਸ਼ੋਅ (ਕੰਸਰਟ) ਵਿੱਚ ਸਿਆਸੀ ਝੰਡੇ ਲਹਿਰਾਉਣੇ ਅਤੇ ਵਿਘਨ ਪਾਉਣਾ ਠੀਕ ਨਹੀਂ ਹੈ, ਕਿਉਂਕਿ ਲੋਕ ਉੱਥੇ ਮਨੋਰੰਜਨ ਅਤੇ ਸੰਗੀਤ ਲਈ ਆਉਂਦੇ ਹਨ। ਦਿਲਜੀਤ ਦਾ ਸ਼ੋਅ ਰੋਕ ਕੇ ਆਪਣਾ ਪੱਖ ਰੱਖਣਾ ਇਹ ਸਾਬਤ ਕਰਦਾ ਹੈ ਕਿ ਉਹ ਇਨ੍ਹਾਂ ਸਵਾਲਾਂ ਤੋਂ ਭੱਜ ਨਹੀਂ ਰਿਹਾ, ਬਲਕਿ ਆਪਣੀ ਸਫ਼ਾਈ ਦੇ ਰਿਹਾ ਹੈ।
ਇਹ ਸਮਝਣਾ ਜ਼ਰੂਰੀ ਹੈ ਕਿ ਵਿਰੋਧ ਕਰਨਾ ਹਰ ਕਿਸੇ ਦਾ ਹੱਕ ਹੋ ਸਕਦਾ ਹੈ, ਪਰ ਇੱਕ ਕਲਾਕਾਰ ਦੀ ਪੰਜਾਬ ਪ੍ਰਤੀ ਵਫ਼ਾਦਾਰੀ ਨੂੰ ਸਿਰਫ਼ ਇੱਕ ਮੁਲਾਕਾਤ ਜਾਂ ਇੱਕ ਟੀਵੀ ਸ਼ੋਅ ਦੇ ਆਧਾਰ ’ਤੇ ਤੋਲਣਾ ਸੰਤੁਲਿਤ ਸੋਚ ਨਹੀਂ ਹੈ। ਦਿਲਜੀਤ ਨੂੰ ਇੱਕ ‘ਪੰਜਾਬੀ ਅੰਬੈਸਡਰ’ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਇੱਕ ‘ਸਿਆਸੀ ਆਗੂ’ ਵਜੋਂ। ਉਸ ਦੀਆਂ ਪੇਸ਼ੇਵਰ ਮੁਲਾਕਾਤਾਂ (ਜਿਵੇਂ ਅਮਿਤਾਭ ਬੱਚਨ ਨਾਲ) ਨੂੰ ਉਸਦੇ ਨਿੱਜੀ ਅਕੀਦੇ ਜਾਂ ਪੰਜਾਬ ਨਾਲ ਗ਼ੱਦਾਰੀ ਵਜੋਂ ਦੇਖਣਾ ਸ਼ਾਇਦ ਜ਼ਿਆਦਾ ਸਖ਼ਤ ਨਜ਼ਰੀਆ ਹੈ।
ਦਿਲਜੀਤ ਦੀ ਅਸਲੀ ਸੇਵਾ ਉਸ ਦਾ ਸੰਗੀਤ ਅਤੇ ਉਸ ਦੀ ਉਹ ਆਵਾਜ਼ ਹੈ, ਜੋ ਅੱਜ ਪੂਰੀ ਦੁਨੀਆ ਵਿੱਚ ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਨਾਲ ਗੂੰਜ ਰਹੀ ਹੈ।

Loading