ਬਲਵਿੰਦਰਪਾਲ ਸਿੰਘ ਪ੍ਰੋਫ਼ੈਸਰ
ਦਰਿਆ ਮਨੁੱਖੀ ਸਭਿਅਤਾ ਦੇ ਸਿਰਫ਼ ਭੌਤਿਕ ਪੰਘੂੜੇ ਹੀ ਨਹੀਂ ਹਨ, ਸਗੋਂ ਇਹ ਮਨੁੱਖੀ ਚੇਤਨਾ ਅਤੇ ਦਾਰਸ਼ਨਿਕ ਚਿੰਤਨ ਦੇ ਸਭ ਤੋਂ ਡੂੰਘੇ ਸੋਮੇ ਵੀ ਹਨ। ਇਥੋਂ ਹੀ ਪੰਜਾਬੀਆਂ ਦੀ ਸਭਿਅਤਾ ਪੁੰਗਰੀ ਹੈ ਤੇ ਸਿੱਖ ਧਰਮ ਵਿਕਸਤ ਹੋਇਆ ਹੈ। ਇੱਕ ਦਰਿਆ ਦਾ ਵਹਾਅ ਸਾਨੂੰ ਜੀਵਨ ਦੇ ਉਸ ਸੱਚ ਨਾਲ ਜੋੜਦਾ ਹੈ ਜਿੱਥੇ ਅਤੀਤ, ਵਰਤਮਾਨ ਅਤੇ ਭਵਿੱਖ ਇੱਕੋ ਧਾਰਾ ਵਿੱਚ ਘੁਲੇ ਹੋਏ ਪ੍ਰਤੀਤ ਹੁੰਦੇ ਹਨ।
ਸਮਾਂ ਵੀ ਇੱਕ ਦਰਿਆ ਵਾਂਗ ਹੈ ਜੋ ਸਾਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਦਰਿਆ ਦੀ ਫਿਲਾਸਫੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਤੀਤ ਕਦੇ ਮਰਦਾ ਨਹੀਂ; ਇਹ ਸਿਰਫ਼ ਸਤਹ ਦੇ ਹੇਠਾਂ ਉਤਰ ਜਾਂਦਾ ਹੈ ਅਤੇ ਜਦੋਂ ਵਰਤਮਾਨ ਦੀ ਗਤੀ ਸ਼ਾਂਤ ਹੁੰਦੀ ਹੈ, ਤਾਂ ਉਹ ਯਾਦਾਂ ਮੁੜ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ।
ਇਹ ਕੋਈ ਇਤਫ਼ਾਕ ਨਹੀਂ ਹੈ ਕਿ ਦੁਨੀਆ ਦੀਆਂ ਮਹਾਨ ਸੱਭਿਅਤਾਵਾਂ ਅਤੇ ਸਾਹਿਤ ਤੇ ਦਰਸ਼ਨ ਦੀ ਕਲਾ ਦਰਿਆਵਾਂ ਦੇ ਕੰਢਿਆਂ ’ਤੇ ਹੀ ਪ੍ਰਫੁੱਲਿਤ ਹੋਈ। ਸਿੱਖ ਸਭਿਅਤਾ ਦਾ ਜਨਮ ਅਤੇ ਵਿਕਾਸ ਪੰਜਾਬ ਦੀ ਉਸ ਧਰਤੀ ’ਤੇ ਹੋਇਆ ਜਿਸ ਨੂੰ ‘ਪੰਜਾਂ ਪਾਣੀਆਂ ਦੀ ਧਰਤੀ’ ਕਿਹਾ ਜਾਂਦਾ ਸੀ ਜੋ 1947 ਦੌਰਾਨ ਫਿਰਕੂ ਹਿੰਸਾ ਤੇ ਰਾਜਨੀਤੀ ਕਾਰਣ ਟੁਕੜਿਆਂ ਵਿੱਚ ਵੰਡੀ ਦਿਤੀ ਗਈ ਸੀ।
ਗੁਰੂ ਸਾਹਿਬਾਨ ਨੇ ਦਰਿਆਵਾਂ ਨੂੰ ਸਿਰਫ਼ ਪਾਣੀ ਦੇ ਸਰੋਤ ਵਜੋਂ ਨਹੀਂ, ਸਗੋਂ ਰੱਬੀ ਪ੍ਰੀਤ ਅਤੇ ਮਾਨਵਤਾ ਦੇ ਵਹਾਅ ਵਜੋਂ ਦੇਖਿਆ। ਪ੍ਰਸਿੱਧ ਦਾਰਸ਼ਨਿਕ ਕਵੀ ਪ੍ਰੋਫੈਸਰ ਪੂਰਨ ਸਿੰਘ ਨੇ ਸਹੀ ਲਿਖਿਆ ਹੈ
ਰਾਵੀ ਸੁਹਣੀ ਪਈ ਵਗਦੀ ।
ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ,
ਮੈਨੂੰ ਝਨਾਂ ’ਵਾਜ਼ਾਂ ਮਾਰਦੀ,
ਮੈਨੂੰ ਜੇਹਲਮ ਪਿਆਰਦਾ,
ਅਟਕ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ’ਤੇ ਵੱਜਦੀ ।
ਖਾੜ ਖਾੜ ਚਲਣ ਵਿੱਚ ਮੇਰੇ ਸੁਫ਼ਨਿਆਂ,
ਪੰਜਾਬ ਦੇ ਦਰਿਆ,
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ,
ਪਿਆਰਾ ਜਪੁ ਸਾਹਿਬ ਗਾਉਂਦੇ,
ਠੰਢੇ ’ਤੇ ਠਾਰਦੇ, ਪਿਆਰਦੇ ।
ਸਿੱਖ ਧਰਮ ਦੀ ਬੁਨਿਆਦ ਵਿੱਚ ਦਰਿਆਈ ਪਾਣੀ ਦੀ ਇੱਕ ਅਹਿਮ ਭੂਮਿਕਾ ਹੈ। ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਉਹ ਸਥਾਨ ਹੈ ਜਿੱਥੇ ਜਗਤ ਗੁਰੂ ਬਾਬਾ ਨਾਨਕ ਜੀ ਨੇ ਤਿੰਨ ਦਿਨ ਜਲ ਵਿੱਚ ਚੁੱਭੀ ਲਾਈ ਅਤੇ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਮਾਨਵਤਾਵਾਦੀ ਹੋਕਾ ਦਿੱਤਾ। ਜਿਵੇਂ ਦਰਿਆ ਸਭ ਨੂੰ ਬਿਨਾਂ ਭੇਦਭਾਵ ਪਾਣੀ ਦਿੰਦਾ ਹੈ, ਉਵੇਂ ਹੀ ਗੁਰੂ ਨਾਨਕ ਦੇਵ ਜੀ ਨੇ ਦਰਿਆ ਦੇ ਕਿਨਾਰੇ ਤੋਂ ਹੀ ਇੱਕ ਅਜਿਹੀ ਸੱਭਿਅਤਾ ਦੀ ਨੀਂਹ ਰੱਖੀ ਜੋ ਸਰਬੱਤ ਦਾ ਭਲਾ ਮੰਗਦੀ ਸੀ।
ਗੁਰੂ ਸਾਹਿਬਾਨ ਨੇ ਨਵੇਂ ਨਗਰ ਵਸਾਉਣ ਲਈ ਹਮੇਸ਼ਾ ਦਰਿਆਵਾਂ ਦੀ ਚੋਣ ਕੀਤੀ, ਜੋ ਨਾ ਸਿਰਫ਼ ਆਰਥਿਕ ਪੱਖੋਂ , ਸਗੋਂ ਮਾਨਸਿਕ ਸ਼ਾਂਤੀ ਲਈ ਵੀ ਜ਼ਰੂਰੀ ਸਨ। ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਰਾਵੀ ਦੇ ਕੰਢੇ ਖੇਤੀ ਕੀਤੀ ਅਤੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਫਲਸਫ਼ਾ ਦਿੱਤਾ। ਰਾਵੀ ਦੇ ਕੰਢੇ ਉਚਾਰੇ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੇ ਸਿੱਖੀ ਵਿੱਚ ਨਿਰੰਤਰ ਸੇਵਾ, ਕਿਰਤ ਅਤੇ ਵੰਡ ਛਕਣ ਦੇ ਫਲਸਫ਼ੇ ਨੂੰ ਰਵਾਨਗੀ ਦਿੱਤੀ ਹੈ।
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਿਆਸ ਦੇ ਕੰਢੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ, ਜਿੱਥੇ ਸਾਂਝੀਵਾਲਤਾ ਦੀ ਪ੍ਰਤੀਕ ‘ਬਾਉਲੀ ਸਾਹਿਬ’ ਦੀ ਸਿਰਜਣਾ ਹੋਈ। ਕੀਰਤਪੁਰ ਅਤੇ ਅਨੰਦਪੁਰ ਸਾਹਿਬ ਵਿਖੇ ਸਤਲੁਜ ਦੀਆਂ ਲਹਿਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਬੀਰ-ਰਸੀ ਇਤਿਹਾਸ ਨੂੰ ਆਪਣੇ ਅੰਦਰ ਸਮੋਇਆ ਹੋਇਆ ਹੈ।
ਜਦੋਂ ਅਸੀਂ ਸਾਹਿਤ ਦੀ ਕਲਾ ਦੀ ਗੱਲ ਕਰਦੇ ਹਾਂ, ਤਾਂ ਜਮੁਨਾ ਦੇ ਕੰਢੇ ਵਸਿਆ ਪਾਉਾਂਟਾਸਾਹਿਬ ਸਭ ਤੋਂ ਵੱਡੀ ਮਿਸਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਮੁਨਾ ਦੇ ਸ਼ਾਂਤ ਵਹਾਅ ਵਿੱਚ ਬੈਠ ਕੇ 52 ਕਵੀਆਂ ਦੇ ਦਰਬਾਰ ਲਗਾਏ ਅਤੇ ਅਦੁੱਤੀ ਸਾਹਿਤ ਦੀ ਰਚਨਾ ਕਰਵਾਈ।
ਸਿੱਖ ਇਤਿਹਾਸ ਵਿੱਚ ਦਰਿਆ ਸਿਰਫ਼ ਜੀਵਨ ਦੇ ਹੀ ਨਹੀਂ, ਸਗੋਂ ਸ਼ਹਾਦਤ ਦੇ ਵੀ ਗਵਾਹ ਹਨ। ਗੁਰੂ ਅਰਜਨ ਦੇਵ ਜੀ ਨੇ ਰਾਵੀ ਦੇ ਕੰਢੇ ਤੱਤੀ ਤਵੀ ’ਤੇ ਬੈਠ ਕੇ ‘ਤੇਰਾ ਕੀਆ ਮੀਠਾ ਲਾਗੈ’ ਦਾ ਸੰਦੇਸ਼ ਦਿੱਤਾ। ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜਾ ਹੋਇਆ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਦਾ ਫਲਸਫ਼ਾ ਦਰਿਆ ਵਾਂਗ ਅੱਗੇ ਹੀ ਵਧਦਾ ਰਿਹਾ।
ਸਿੱਖ ਸਭਿਅਤਾ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਨੂੰ ਦਰਿਆ ਵਾਂਗ ਹੋਣਾ ਚਾਹੀਦਾ ਹੈ—ਨਿਰਮਲ, ਗਤੀਸ਼ੀਲ ਅਤੇ ਪਰਉਪਕਾਰੀ। ਗੁਰੂ ਸਾਹਿਬਾਨ ਨੇ ਦਰਿਆਵਾਂ ਦੇ ਕੰਢਿਆਂ ’ਤੇ ਬੈਠ ਕੇ ਜੋ ਇਲਾਹੀ ਬਾਣੀ ਰਚੀ, ਉਹ ਅਸਲ ਵਿੱਚ ਸ਼ਬਦ ਦਾ ਦਰਿਆ ਹੈ, ਜੋ ਸਦੀਆਂ ਤੋਂ ਭਟਕੀਆਂ ਰੂਹਾਂ ਦੀ ਪਿਆਸ ਬੁਝਾ ਰਿਹਾ ਹੈ। ਜਿਵੇਂ ਦਰਿਆ ਆਪਣੀ ਮੰਜ਼ਿਲ (ਸਮੁੰਦਰ) ਵੱਲ ਨਿਰੰਤਰ ਵਧਦਾ ਹੈ, ਸ਼ਬਦ ਗੁਰੂ ਫਲਸਫ਼ਾ ਵੀ ਮਨੁੱਖ ਨੂੰ ਆਪਣੇ ਅਸਲੇ (ਅਕਾਲ ਪੁਰਖ) ਵਿੱਚ ਅਭੇਦ ਹੋਣ ਦੀ ਪ੍ਰੇਰਨਾ ਦਿੰਦਾ ਹੈ।
ਦਰਿਆਵਾਂ ਦੀ ਰਵਾਨਗੀ ਅਤੇ ਗੁਰੂ ਦੇ ਸ਼ਬਦ ਦਾ ਸੰਗਮ ਹੀ ਉਹ ਬਿੰਦੂ ਹੈ, ਜਿੱਥੋਂ ਇੱਕ ਅਦੁੱਤੀ ਅਤੇ ਮਹਾਨ ਸਭਿਅਤਾ ਦਾ ਆਗਾਜ਼ ਹੋਇਆ ਹੈ। ਦਰਿਆ ਦੀ ਮੌਜੂਦਗੀ ਮਨੁੱਖੀ ਕਲਪਨਾ ਨੂੰ ਉਡਾਣ ਦਿੰਦੀ ਹੈ। ਇਨਸਾਨੀ ਮਨ ਅਕਸਰ ਅਨਿਸ਼ਚਤਤਾ ਕਰਕੇ ਪਰੇਸ਼ਾਨ ਰਹਿੰਦਾ ਹੈ ਕਿ ਕੱਲ੍ਹ ਕੀ ਹੋਵੇਗਾ? ਮੇਰਾ ਕੀ ਬਣੇਗਾ? ਪਰ ਦਰਿਆ ਨੂੰ ਦੇਖ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਸ ਦੀ ਮੰਜ਼ਿਲ ਤੈਅ ਹੈ। ਭਾਵੇਂ ਰਸਤੇ ਵਿੱਚ ਪਹਾੜ ਆਉਣ, ਮੋੜ ਆਉਣ ਜਾਂ ਰੁਕਾਵਟਾਂ, ਦਰਿਆ ਨੇ ਅਖੀਰ ਸਮੁੰਦਰ ਵਿੱਚ ਮਿਲ ਹੀ ਜਾਣਾ ਹੈ। ਇਹ ਨਿਸ਼ਚਤਤਾ ਭਟਕੇ ਹੋਏ ਮਨ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਜੀਵਨ ਦਾ ਵੀ ਇੱਕ ਕੁਦਰਤੀ ਅੰਤ ਹੈ, ਜਿੱਥੇ ਸਭ ਨੇ ਅਖੀਰ ਸ਼ਾਂਤ ਹੋ ਜਾਣਾ ਹੈ।
ਦਰਿਆ ਜਦੋਂ ਸਮੁੰਦਰ ਵਿੱਚ ਮਿਲਦਾ ਹੈ, ਤਾਂ ਉਹ ਆਪਣੀ ਵੱਖਰੀ ਹੋਂਦ ਖ਼ਤਮ ਕਰ ਦਿੰਦਾ ਹੈ। ਉਹ ਹੁਣ ਸਿਰਫ਼ ਦਰਿਆ ਨਹੀਂ ਰਹਿੰਦਾ, ਸਗੋਂ ਸਮੁੰਦਰ ਬਣ ਜਾਂਦਾ ਹੈ। ਭਟਕੇ ਹੋਏ ਮਨਾਂ ਲਈ ਇਹ ਇੱਕ ਵੱਡੀ ਸਿੱਖਿਆ ਹੈ—ਕਿ ਸਾਡੀਆਂ ਜ਼ਿਆਦਾਤਰ ਪਰੇਸ਼ਾਨੀਆਂ ਸਾਡੀ ਮੈਂ ਕਰਕੇ ਹਨ। ਜਦੋਂ ਅਸੀਂ ਕੁਦਰਤ ਦੇ ਵਿਸ਼ਾਲ ਵਹਾਅ ਅੱਗੇ ਸਮਰਪਣ ਕਰ ਦਿੰਦੇ ਹਾਂ, ਤਾਂ ਸਾਰੇ ਮਾਨਸਿਕ ਸੰਘਰਸ਼ ਖ਼ਤਮ ਹੋ ਜਾਂਦੇ ਹਨ। ਦਰਿਆ ਦਾ ਭਵਿੱਖ ਸਮੁੰਦਰ ਹੈ, ਪਰ ਉਹ ਉੱਥੇ ਪਹੁੰਚਣ ਲਈ ਕਾਹਲੀ ਨਹੀਂ ਕਰਦਾ; ਉਹ ਵਹਿੰਦਾ ਰਹਿੰਦਾ ਹੈ। ਇਹ ਗੱਲ ਸਾਨੂੰ ਸਿਖਾਉਾਂਦੀਹੈ ਕਿ ਜੇਕਰ ਅੰਤ (ਮੌਤ ਜਾਂ ਵਿਲੀਨ ਹੋਣਾ) ਨਿਸ਼ਚਿਤ ਹੈ, ਤਾਂ ਫਿਰ ਰਸਤੇ ਦੀਆਂ ਮੁਸ਼ਕਿਲਾਂ ਤੋਂ ਘਬਰਾਉਣ ਦੀ ਲੋੜ ਨਹੀਂ। ਇਹ ਸੋਚ ਮਨੁੱਖ ਨੂੰ ਵਰਤਮਾਨ ਵਿੱਚ ਜਿਉਣ ਦਾ ਹੌਸਲਾ ਦਿੰਦੀ ਹੈ। ਜਿਨ੍ਹਾਂ ਲੋਕਾਂ ਦਾ ਆਪਣੀ ਮੰਜ਼ਿਲ ਤੋਂ ਭਰੋਸਾ ਉੱਠ ਗਿਆ ਹੁੰਦਾ ਹੈ, ਉਹ ਦਰਿਆ ਦੇ ਅਟੁੱਟ ਵਹਾਅ ਨੂੰ ਦੇਖ ਕੇ ਜਿਉਣ ਦਾ ਨਵਾਂ ਅਰਥ ਲੱਭਦੇ ਹਨ।
ਦਰਿਆ ਸਾਨੂੰ ਇਹ ਵੀ ਸਮਝਾਉਂਦਾ ਹੈ ਕਿ ਇਸ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ ਹੈ। ਪਿਆਰ, ਮੌਤ, ਅਤੇ ਗੁਆਚ ਜਾਣ ਦਾ ਡਰ—ਇਹ ਸਭ ਉਸੇ ਤਰ੍ਹਾਂ ਹਨ ਜਿਵੇਂ ਪਾਣੀ ਵਿੱਚ ਉੱਠਦੀਆਂ ਲਹਿਰਾਂ। ਅਸੀਂ ਅਕਸਰ ਦੂਜਿਆਂ ਦੇ ਮਨਾਂ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਖੀਰ ਵਿੱਚ ਇਹ ਸੱਚ ਸਾਹਮਣੇ ਆਉਾਂਦਾਹੈ ਕਿ ਹਰ ਰੂਹ ਆਪਣੀ ਯਾਤਰਾ ਵਿੱਚ ਇਕੱਲੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦਰਿਆ ਵਿੱਚ ਵਹਿੰਦਾ ਹਰ ਕਣ ਆਪਣਾ ਰਸਤਾ ਖੁਦ ਤੈਅ ਕਰਦਾ ਹੈ। ਪਰ ਇਸ ਇਕੱਲਤਾ ਵਿੱਚ ਕੋਈ ਉਦਾਸੀ ਨਹੀਂ, ਸਗੋਂ ਇੱਕ ਰੱਬੀ ਸੱਚ ਹੈ।
ਅਸੀਂ ਅਕਸਰ ਇੱਕ ਆਦਰਸ਼ ਦੁਨੀਆ ਦੀ ਭਾਲ ਵਿੱਚ ਭਟਕਦੇ ਰਹਿੰਦੇ ਹਾਂ ਅਤੇ ਮੌਜੂਦਾ ਜੀਵਨ ਦੀਆਂ ਕਮੀਆਂ ਤੋਂ ਦੁਖੀ ਹੁੰਦੇ ਹਾਂ। ਪਰ ਸਿਆਣਪ ਇਸੇ ਵਿੱਚ ਹੈ ਕਿ ਅਸੀਂ ਇਸ ਅਧੂਰੇਪਨ ਨੂੰ ਹੀ ਆਪਣੀ ਹਕੀਕਤ ਮੰਨ ਲਈਏ। ਜਿਵੇਂ ਦਰਿਆ ਕਦੇ ਵੀ ਰਸਤੇ ਦੇ ਪੱਥਰਾਂ ਜਾਂ ਟੇਢੇ-ਮੇਢੇ ਮੋੜਾਂ ਦੀ ਸ਼ਿਕਾਇਤ ਨਹੀਂ ਕਰਦਾ, ਸਗੋਂ ਉਨ੍ਹਾਂ ਦੇ ਵਿਚਕਾਰ ਹੀ ਆਪਣਾ ਰਸਤਾ ਬਣਾਉਂਦਾ ਹੈ, ਉਵੇਂ ਹੀ ਸਾਨੂੰ ਵੀ ਜੀਵਨ ਦੇ ਹਾਲਾਤਾਂ ਨੂੰ ਪ੍ਰਵਾਨ ਕਰਕੇ ਅੱਗੇ ਵਧਣਾ ਚਾਹੀਦਾ ਹੈ।
ਦਰਿਆ ਦਾ ਸੁਨੇਹਾ ਸਪੱਸ਼ਟ ਹੈ: ਇਹ ਦੁਨੀਆ, ਭਾਵੇਂ ਕਿੰਨੀ ਵੀ ਟੁੱਟੀ-ਭੱਜੀ ਕਿਉਂ ਨਾ ਲੱਗੇ, ਸਾਡਾ ਇੱਕੋ-ਇੱਕ ਘਰ ਹੈ। ਕੁਦਰਤ ਦੀ ਸੁੰਦਰਤਾ ਨੂੰ ਮਹਿਸੂਸ ਕਰਨਾ ਅਤੇ ਇਸ ਦੇ ਵਹਾਅ ਵਿੱਚ ਆਪਣੀ ਹੋਂਦ ਨੂੰ ਪ੍ਰਵਾਨ ਕਰਨਾ ਹੀ ਅਸਲ ਮਨੁੱਖੀ ਸਿਆਣਪ ਹੈ। ਅਖੀਰ ਵਿੱਚ, ਅਸੀਂ ਸਭ ਉਸ ਪਗਡੰਡੀ ’ਤੇ ਚੱਲ ਰਹੇ ਮੁਸਾਫਿਰ ਹਾਂ ਜਿਸਦੇ ਦੋਵੇਂ ਪਾਸੇ ਅਣਜਾਣ ਖਲਾਅ ਹੈ, ਪਰ ਸਾਡੇ ਪੈਰਾਂ ਹੇਠਲੀ ਧਰਤੀ ਅਤੇ ਸਾਡੇ ਸਾਹਮਣੇ ਵਹਿੰਦਾ ਦਰਿਆ ਸਾਨੂੰ ਹਮੇਸ਼ਾ ਜਿਉਣ ਦੀ ਗਵਾਹੀ ਦਿੰਦਾ ਰਹੇਗਾ। ਆਓ ਇਸ ਗੱਲ ਨੂੰ ਪ੍ਰਵਾਨ ਕਰੀਏ ਕਿ ਸਾਡੀ ਹੋਂਦ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਇੱਕ ਛੋਟੀ ਜਿਹੀ ਹੈ ਪਰ ਇਹ ਬਹੁਤ ਹੀ ਖ਼ੂਬਸੂਰਤ ਯਾਤਰਾ ਹੈ।
![]()
